ਨਿਕਾਸੀ ਡਰੇਨ ਦਾ ਲਾਂਘਾ ਬੰਦ ਹੋਣ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਖ਼ਦਸ਼ਾ
ਮਹਿਲ ਕਲਾਂ ਬਲਾਕ ਵਿੱਚ ਇੱਕ ਨਿਕਾਸੀ ਡਰੇਨ ਦਾ ਪੁਲ ਖ਼ੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨ ਆਗੂਆਂ ਨੇ ਇਸ ਮਾਮਲੇ ਦੀ ਜਾਂਚ ਮੰਗ ਕੀਤੀ ਹੈ।
ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਬੀਕੇਯੂ ਉਗਰਾਹਾਂ ਦੇ ਆਗੂ ਬੁੱਕਣ ਸਿੰਘ ਸੱਦੋਵਾਲ ਨੇ ਦੱਸਿਆ ਕਿ ਮਹਿਲ ਕਲਾਂ ਤੋਂ ਹਠੂਰ ਤੱਕ ਸੜਕ ਕੁਝ ਸਮਾਂ ਪਹਿਲਾਂ 18 ਫ਼ੁਟ ਚੌੜੀ ਕਰ ਕੇ ਬਣਾਈ ਗਈ ਸੀ। ਇਸ ਦੌਰਾਨ ਪੀਡਬਲਿਊਡੀ ਮਹਿਕਮੇ ਅਤੇ ਠੇਕੇਦਾਰ ਨੇ ਪਿੰਡ ਗਾਗੇਵਾਲ ਨੇੜੇ ਤੋਂ ਲੰਘਦੀ ਇੱਕ ਛੋਟੀ ਨਿਕਾਸੀ ਡਰੇਨ ਹੇਠੋਂ ਪਾਣੀ ਦੀ ਨਿਕਾਸੀ ਲਈ ਪਾਈਆਂ ਪੁਲੀਆਂ ਬੰਦ ਕਰ ਦਿੱਤੀਆਂ ਪਰ ਉਨ੍ਹਾਂ ਦੀ ਥਾਂ ’ਤੇ ਨਿਕਾਸੀ ਲਈ ਪੁਲ ਨਹੀਂ ਬਣਾਇਆ। ਉਨ੍ਹਾਂ ਦੱਸਿਆ ਕਿ ਲਗਾਤਾਰ ਮੀਂਹ ਪੈਣ ਕਾਰਨ ਗਾਗੇਵਾਲ ਅਤੇ ਸੱਦੋਵਾਲ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਹੈ ਅਤੇ ਨਿਕਾਸੀ ਨਾ ਹੋਣ ਕਾਰਨ ਇਸ ਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਡਰੇਨ ਦੇ ਪੁਲ ਨੂੰ ਖ਼ੁਰਦ ਬੁਰਦ ਕਰਨ ਦੇ ਮਾਮਲੇ ਦੀ ਪ੍ਰਸ਼ਾਸ਼ਨ ਅਤੇ ਸਰਕਾਰ ਤੁਰੰਤ ਜਾਂਚ ਕਰਵਾਏ ਅਤੇ ਮੌਜੂਦਾ ਸਮੇਂ ਬਣੇ ਪਾਣੀ ਦੇ ਸੰਕਟ ਦੀ ਨਿਕਾਸੀ ਦਾ ਤੁਰੰਤ ਹੱਲ ਕੀਤਾ ਜਾਵੇ।
ਘਟਨਾ ਸਥਾਨ ਦਾ ਜਾਇਜ਼ਾ ਲਵਾਂਗੇ: ਐੱਸਡੀਐੱਮ
ਮਹਿਲ ਕਲਾਂ ਦੇ ਐੱਸਡੀਐੱਮ ਜਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਹੜ੍ਹ ਦੇ ਬਣੇ ਹਾਲਾਤ ਦੇ ਮੱਦੇਨਜ਼ਰ ਉਹ ਤੁਰੰਤ ਘਟਨਾ ਸਥਾਨ ਦਾ ਜਾਇਜ਼ਾ ਲੈਣਗੇ ਅਤੇ ਪਾਣੀ ਦੀ ਨਿਕਾਸੀ ਕਰਵਾਈ ਜਾਵੇਗੀ। ਉਨ੍ਹਾਂ ਇਸ ਮਾਮਲੇ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਜਾਂ ਠੇਕੇਦਾਰ ਵਿਰੁੱਧ ਜਾਂਚ ਕਰਕੇ ਕਾਰਵਾਈ ਦੀ ਗੱਲ ਵੀ ਕਹੀ।