ਘੱਗਰ ’ਚ ਪਾਣੀ ਵਧਣ ਕਾਰਨ ਮਾਨਸਾ ਤੇ ਸਿਰਸਾ ਜ਼ਿਲ੍ਹੇ ਦੇ ਲੋਕਾਂ ’ਚ ਸਹਿਮ
ਘੱਗਰ ਵਿੱਚ ਵਧਣ ਕਾਰਨ ਮਾਨਸਾ ਅਤੇ ਹਰਿਆਣਾ ਦੇ ਸਿਰਸਾ ਜ਼ਿਲ੍ਹਿਆਂ ਵਿੱਚ ਭਾਰੀ ਦਹਿਸ਼ਤ ਫੈਲ ਗਈ ਹੈ। ਅੱਜ ਮਾਨਸਾ ਜ਼ਿਲ੍ਹੇ ਵਿੱਚ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਘੱਗਰ ਦਰਿਆ ਦਾ ਜਾਇਜ਼ਾ ਲਿਆ ਅਤੇ ਕਿਨਾਰਿਆਂ ਨੂੰ ਖੁਰਨ ਤੋਂ ਰੋਕਣ ਲਈ ਪਿੰਡਾਂ ਦੇ ਲੋਕਾਂ ਨੂੰ ਡੀਜ਼ਲ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ।
ਮਾਨਸਾ ਜ਼ਿਲ੍ਹੇ ਵਿੱਚ ਘੱਗਰ ਤੋਂ ਹੜ੍ਹਾਂ ਦੀ ਮਾਰ ਹੇਠ 39 ਪਿੰਡ ਆਉਂਦੇ ਹਨ, ਇਨ੍ਹਾਂ ਵਿੱਚੋਂ 23 ਪਿੰਡ ਬੁਢਲਾਡਾ ਸਬ-ਡਵੀਜ਼ਨ ਨਾਲ ਅਤੇ 16 ਪਿੰਡਾਂ ਸਰਦੂਲਗੜ੍ਹ ਸਬ-ਡਵੀਜ਼ਨ ਨਾਲ ਸਬੰਧਤ ਹਨ ਅਤੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਲਗਾਤਾਰ ਘੱਗਰ ਵਿੱਚ ਪਾਣੀ ਚੜ੍ਹਨ ਕਾਰਨ ਡਰ ਬਣਿਆ ਹੋਇਆ ਹੈ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਾਣੀ ਆਉਣ ਦੀ ਸਥਿਤੀ ਵਿਚ ਲੋਕਾਂ ਨੂੰ ਠਹਿਰਾਉਣ ਸਮੇਤ ਖਾਣਪੀਣ ਦੇ ਯੋਗ ਪ੍ਰਬੰਧ ਕਰ ਲਏ ਗਏ ਹਨ, ਜਿਸ ਦੇ ਲਈ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਵੀ ਸਹਿਯੋਗ ਕਰਨ ਲਈ ਕਿਹਾ। ਵਿਧਾਇਕ ਬਣਾਂਵਾਲੀ ਨੇ ਘੱਗਰ ਦਰਿਆ ਦੇ ਆਸੇ-ਪਾਸੇ ਪਿੰਡਾਂ ਦੇ ਲੋਕਾਂ ਨੂੰ ਦਿਨ-ਰਾਤ ਠੀਕਰੀ ਪਹਿਰਾ ਲਾਉਣ ਲਈ ਕਿਹਾ ਗਿਆ ਹੈ ਤਾਂ ਜੋ ਰਾਤ ਅਤੇ ਦਿਨ ਸਮੇਂ ਘੱਗਰ ਵਿੱਚ ਪਾਣੀ ਮਾਤਰਾ ਵੱਧਣ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਘੱਗਰ ਦਰਿਆ ਨੇੜੇ ਰਹਿੰਦੇ ਲੋਕਾਂ ਨੂੰ ਪਾਣੀ ਤੋਂ ਸੁਚੇਤ ਰਹਿਣ ਲਈ ਵੀ ਸਲਾਹ ਦਿੱਤੀ ਹੈ ਤਾਂ ਜੋ ਮੌਕੇ ’ਤੇ ਕੋਈ ਤਕਲੀਫ਼ ਖੜ੍ਹੀ ਨਾ ਹੋ ਸਕੇ। ਘੱਗਰ ਦਰਿਆ ਵਿੱਚ ਵਧੇ ਹੋਏ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਚਾਂਦਪੁਰਾ ਬੰਨ੍ਹ ਦਾ ਦੌਰਾ ਕਰਨ ਪੁੱਜੇ। ਉਨ੍ਹਾਂ ਚਾਂਦਪੁਰਾ ਬੰਨ੍ਹ ਵਿਖੇ ਘੱਗਰ ਦਰਿਆ ਦੇ ਪਾਣੀ ਦੀ ਸਮਰੱਥਾ ਬਾਰੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਤੇ ਬਰਸਾਤ ਦੌਰਾਨ ਪਾਣੀ ਦੇ ਪੱਧਰ ’ਤੇ ਨਜ਼ਰ ਬਣਾਏ ਰੱਖਣ ਦੇ ਆਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਚੌਕਸੀ ਰੱਖ ਰਿਹਾ ਹੈ ਤੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਨਾਲ ਪ੍ਰਬੰਧ ਮੁਕੰਮਲ ਰੱਖੇ ਗਏ ਹਨ।
ਸਿਰਸਾ/ਏਲਨਾਬਾਦ (ਪ੍ਰਭੂ ਦਿਆਲ/ਜਗਤਾਰ ਸਮਾਲਸਰ): ਘੱਗਰ ਨਦੀ ’ਚ ਲਗਾਤਾਰ ਵਧ ਰਹੇ ਪਾਣੀ ਕਾਰਨ ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖਦਸ਼ਾ ਬਣ ਗਿਆ ਹੈ। ਪਿੰਡ ਨੇਜ਼ਾਡੇਲਾ ਤੇ ਮੱਲੇਵਾਲਾ ਦੇ ਨੇੜੇ ਘੱਗਰ ਨਦੀ ਦੇ ਅੰਦਰ ਬਣਿਆ ਆਰਜ਼ੀ ਬੰਨ੍ਹ ਟੁੱਟਣ ਨਾਲ ਪੰਜ ਸੌ ਏਥੜ ਤੋਂ ਵੱਧ ਰਕਬੇ ’ਚ ਖੜ੍ਹੀ ਫ਼ਸਲ ਪਾਣੀ ’ਚ ਡੁੱਬ ਗਈ। ਪ੍ਰਸ਼ਾਸਨਿਕ ਅਧਿਕਾਰੀ ਤੇ ਪਿੰਡ ਦੇ ਲੋਕ ਘੱਗਰ ਨਦੀ ਦੇ ਬੰਨ੍ਹ ਮਜ਼ਬੂਤ ਕਰਨ ਜੁਟ ਗਏ ਹਨ। ਘੱਗਰ ਨਦੀ ’ਚ ਲਗਾਤਾਰ ਪਾਣੀ ਵੱਧ ਰਿਹਾ ਹੈ ਜਿਸ ਕਾਰਨ ਘੱਗਰ ਨਦੀ ਦੇ ਕੰਢ ਵਸੇ ਦਰਜਨਾਂ ਪਿੰਡਾਂ ’ਚ ਹੜ ਦਾ ਖ਼ਦਸ਼ਾ ਬਣਾ ਗਿਆ ਹੈ। ਘੱਗਰ ਨਦੀ ’ਚ ਪਾਣੀ ਵਧਣ ਨਾਲ ਜਿਥੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਉਥੇ ਹੀ ਜੇਸੀਬੀ ਨਾਲ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਦੇ ਕਿਸਾਨ ਵੀ ਆਪਣੇ ਪੱਧਰ ’ਤੇ ਆਪਣੀਆਂ ਟਰੈਕਟਰ ਟਰਾਲੀਆਂ ਨਾਲ ਬੰਨ੍ਹਾਂ ’ਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹ ਘੱਗਰ ਨਦੀ ਦੇ ਪਾਣੀ ’ਤੇ ਨਜ਼ਰ ਰੱਖ ਰਹੇ ਹਨ। ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿਠਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਿੰਡ ਮੱਲੇਵਾਲਾ ਦੇ ਕਿਸਾਨ ਵਿਨੋਦ ਨੇ ਦੱਸਿਆ ਹੈ ਕਿ ਘੱਗਰ ਨਾਲੀ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਜ਼ਿਕਰਯੋਗ ਹੈ ਕਿ ਓਟੂ ਹੈੱਡ ਤੋਂ ਰਾਜਸਥਾਨ ਦੀ ਸੀਮਾ ਤੱਕ ਘੱਗਰ ਨਦੀ ਦੇ ਅੰਦਰ ਰਾਣੀਆ ਅਤੇ ਏਲਨਾਬਾਦ ਬਲਾਕ ਦੇ ਲਗਭਗ 30 ਤੋਂ 35 ਪਿੰਡਾਂ ਦੇ ਕਿਸਾਨਾਂ ਵੱਲੋਂ ਲਗਭਗ 2500 ਏਕੜ ਵਿੱਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ। ਅਜਿਹੇ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
ਮਾਈਨਰ ਟੁੱਟਣ ਕਾਰਨ ਕਰੀਬ 20 ਏਕੜ ਫ਼ਸਲ ਡੁੱਬੀ
ਏਲਨਾਬਾਦ (ਜਗਤਾਰ ਸਮਾਲਸਰ): ਇੱਥੇ ਕੁਤਿਆਣਾ ਮਾਈਨਰ ਰਾਤ ਨੂੰ ਅਚਾਨਕ ਟੁੱਟ ਗਿਆ। ਰਜਬਾਹੇ ’ਚ 30 ਫੁੱਟ ਚੌੜਾ ਪਾੜ ਪਿਆ ਹੈ ਜਿਸ ਕਾਰਨ 20 ਏਕੜ ਵਿੱਚ ਰਕਬੇ ’ਚ ਖੜ੍ਹੀ ਕਪਾਹ, ਮੂੰਗਫਲੀ, ਮੂੰਗੀ ਦੀ ਫ਼ਸਲ ਡੁੱਬ ਗਈ। ਮਾਈਨਰ ਟੁੱਟਣ ਬਾਰੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ। ਹੈੱਡ ਤੋਂ ਨਹਿਰ ਬੰਦ ਕਰਕੇ ਦਰਾਰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਾਈਨਰ ਪਹਿਲਾਂ ਵੀ ਕਈ ਵਾਰ ਟੁੱਟ ਚੁੱਕੀ ਹੈ। ਉਨ੍ਹਾਂ ਨਹਿਰ ਟੁੱਟਣ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।