ਇਸ ਵਾਰ ਝੋਨੇ ਦੀ ਪੈਦਾਵਾਰ ਘਟਣ ਦੇ ਖਦਸ਼ੇ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਰੇਖਾਵਾਂ ਹਨ। ਇਲਾਕੇ ਦੇ ਕਿਸਾਨ ਝੋਨੇ ਦੀ ਵਾਢੀ ਕਰ ਕੇ ਵਿਕਰੀ ਲਈ ਜਿਣਸ ਮੰਡੀਆਂ ’ਚ ਢੇਰੀ ਕਰ ਰਹੇ ਹਨ। ਭਾਵੇਂ ਕਿਸਾਨ ਝੋਨੇ ਦੀ ਫ਼ਸਲ ਨੂੰ ਸੁਕਾ ਕੇ ਲਿਆਉਣ ਦਾ ਦਾਅਵਾ ਕਰ ਰਹੇ ਹਨ ਪਰ ਸਰਕਾਰੀ ਮਾਪਦੰਡਾਂ ਮੁਤਾਬਕ ਨਮੀ ਦੀ ਮਾਤਰਾ ਵੱਧ ਹੈ। ਵਿਕਰੀ ਹੋਣ ਉਪਰੰਤ ਹੀ ਕਿਸਾਨਾਂ ਨੂੰ ਜਿਣਸ ਦੀ ਪੈਦਾਵਾਰ ਘਟਣ ਦਾ ਸਹੀ ਅਨੁਮਾਨ ਲੱਗ ਰਿਹਾ ਹੈ। ਦੂਜੇ ਪਾਸੇ, ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਵੱਲੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਪੈਦਾਵਾਰ ਵਧੇਗੀ।ਖਰੀਦ ਕੇਦਰਾਂ ਵਿੱਚ ਜਿਣਸਾਂ ਢੇਰੀ ਕਰੀ ਬੈਠੇ ਕਿਸਾਨਾਂ ਨੇ ਮੰਨਿਆ ਹੈ ਕਿ ਇਸ ਵਾਰ ਦਸ ਮਣ ਪ੍ਰਤੀ ਏਕੜ ਝੋਨੇ ਦੀ ਪੈਦਾਵਾਰ ਘੱਟ ਹੋਈ ਹੈ। ਕਿਸਾਨ ਕਮਲਜੀਤ ਸਿੰਘ, ਸਰਬਜੀਤ ਸਿੰਘ ਕੌਂਸਲਰ ਅਤੇ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਇਸ ਵਾਰ ਲੋੜ ਤੋਂ ਵੱਧ ਅਤੇ ਬੇਮੌਸਮੀ ਵਰਖਾ ਹੋਣ ਕਾਰਨ ਝੋਨੇ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ। ਕਿਸਾਨਾਂ ਮੁਤਾਬਿਕ ਫ਼ਸਲ ਪੱਕਣ ਦੇ ਨੇੜੇ ਸੀ ਅਤੇ ਭਰਵੀਆਂ ਬਾਰਿਸ਼ਾਂ ਹੋਣ ਕਾਰਨ ਬੂਰ ਝੜਦਾ ਰਿਹਾ ਅਤੇ ਅੰਤ ਪੈਦਾਵਾਰ ਘਟ ਗਈ। ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਹਾਲੇ ਝੋਨੇ ਦੀ ਕਟਾਈ ਮੁੱਢਲੇ ਪੜਾਅ ’ਤੇ ਹੈ ਜਿਸ ਕਰਕੇ ਪੈਦਾਵਾਰ ਘੱਟ ਹੋਣ ਬਾਰੇ ਅਨੁਮਾਨ ਨਹੀਂ ਲਾਇਆ ਜਾ ਸਕਦਾ। ਉਨ੍ਹਾਂ ਪਿਛਲੇ ਸਾਲ ਨਾਲੋਂ ਝੋਨੇ ਦੀ ਪੈਦਾਵਾਰ ਵਧਣ ਦਾ ਦਾਅਵਾ ਕੀਤਾ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਬੇਮੌਸਮੀ ਅਤੇ ਵਧੇਰੇ ਬਾਰਸ਼ ਕਾਰਨ ਝੋਨੇ ਦੀ ਪੈਦਾਵਾਰ ਘਟੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਕੁਦਰਤੀ ਆਫ਼ਤਾਂ ਵਾਲੇ ਫੰਡਾਂ ਵਿੱਚੋਂ ਪੀੜਤ ਕਿਸਾਨਾਂ ਦੇ ਆਰਥਿਕ ਨੁਕਸਾਨ ਦੀ ਪੂਰਤੀ ਕਰੇ।