ਝੋਨੇ ’ਤੇ ਕਾਲੇ ਤੇਲੇ ਦੇ ਜ਼ਬਰਦਸਤ ਹਮਲੇ ਨੇ ਜਿੱਥੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ ਉੱਥੇ ਘਰਾਂ ਵਿੱਚ ਵੀ ਰਹਿਣਾ ਲੋਕਾਂ ਨੂੰ ਮੁਸ਼ਕਿਲ ਹੋਇਆ ਪਿਆ ਹੈ। ਸ਼ਾਮ ਨੂੰ ਹਨੇਰਾ ਸ਼ੁਰੂ ਹੁੰਦੇ ਹੀ ਤੇਲਾ ਘਰਾਂ ’ਚ ਆ ਜਾਂਦਾ ਹੈ। ਜਿੱਥੇ ਬਿਜਲੀ ਦਾ ਬੱਲਬ ਚੱਲਦਾ ਹੈ ਉੱਥੇ ਵੱਡੀ ਪੱਧਰ ’ਤੇ ਤੇਲਾ ਆ ਜਾਂਦਾ ਹੈ ਕਿਸਾਨਾਂ ਵੱਲੋਂ ਤੇਲੇ ਨੂੰ ਮਾਰਨ ਲਈ ਛਿੜਕੀ ਜਾ ਰਹੀ ਦਵਾਈ ਦੀ ਬੇਅਸਰ ਹੋ ਰਹੀ ਹੈ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਝੋਨੇ ਦੀਆਂ ਸਾਰੀਆਂ ਕਿਸਮਾਂ ’ਤੇ ਹੀ ਤੇਲੇ ਦਾ ਮਾਰੂ ਅਸਰ ਹੈ।
ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹੜ੍ਹਾਂ ਤੋਂ ਕਿਸਾਨ ਅਜੇ ਉਭਰੇ ਹੀ ਸਨ ਪਹਿਲਾਂ ਹਲਦੀ ਰੋਗ ਦਾ ਹਮਲਾ ਹੋ ਗਿਆ ਅਤੇ ਹੁਣ ਕਾਲੇ ਤੇਲੇ ਨੇ ਹਮਲਾ ਕਰ ਦਿੱਤਾ ਹੈ। ਦੂਸਰੇ ਪਾਸੇ ਸ਼ਹਿਰੀ ਖੇਤਰ ਦੇ ਲੋਕਾਂ ਨੇ ਦੱਸਿਆ ਕਿ ਤਿਉਹਾਰ ਦੇ ਦਿਨ ਹਨ ਅਤੇ ਕਾਲੇ ਤੇਲੇ ਦੇ ਹਮਲੇ ਕਾਰਨ ਬਾਜ਼ਾਰ ਜਲਦੀ ਬੰਦ ਹੋ ਜਾਂਦੇ ਹਨ। ਜਿੱਥੇ ਸਾਂਝੀਆਂ ਲਾਈਟਾਂ ਜਗਦੀਆਂ ਹਨ ਉੱਥੇ ਵੱਡੀ ਪੱਧਰ ’ਤੇ ਕਾਲਾ ਤੇਲਾ ਇਕੱਠਾ ਹੋ ਜਾਂਦਾ ਹੈ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਮਹਿੰਗੀ ਤੋਂ ਮਹਿੰਗੀ ਦਵਾਈ ਛਿੜਕਣ ਦੇ ਬਾਵਜੂਦ ਵੀ ਕਾਲਾ ਤੇਲਾ ਨਹੀਂ ਮਰ ਰਿਹਾ ਹੈ।