ਮੰਗਾਂ ਮੰਨਣ ਉਪਰੰਤ ਕਿਸਾਨ ਯੂਨੀਅਨ ਦਾ ਧਰਨਾ ਸਮਾਪਤ
ਬੁਨਿਆਦੀ ਸਹੂਲਤਾਂ ਦੀਆਂ ਮੰਗਾਂ ਸਬੰਧੀ ਨੌਂ ਅਗਸਤ ਤੋਂ ਕੋਟ ਕਰੋੜ ਕਲਾਂ ਟੌਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਧਰਨਾ ਅੱਜ ਸਮਾਪਤ ਹੋ ਗਿਆ ਹੈ। ਪਲਾਜ਼ਾ ਨੌਂ ਦਿਨ ਪਰਚੀ ਮੁਕਤ ਰਿਹਾ। ਕੌਮੀ ਸ਼ਾਹਰਾਹ ਅਥਾਰਿਟੀ ਵੱਲੋਂ ਲਿਖਤੀ ਤੌਰ ’ਤੇ ਮੰਗਾਂ ਮੰਨਣ ਉਪਰੰਤ ਭਾਰਤੀ ਕਿਸਾਨ ਯੂਨੀਅਨ ਪੰਜਾਬ ਖੋਸਾ ਨੇ ਅੱਜ ਧਰਨਾ ਚੁੱਕ ਲਿਆ। ਇਸ ਤੋਂ ਪਹਿਲਾਂ ਮਖੂ ਰੇਲਵੇ ਓਵਰਬ੍ਰਿਜ ਦਾ ਕੰਮ ਸ਼ੁਰੂ ਹੋਣ ’ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਦੀ ਅਗਵਾਈ ਵਿੱਚ ਲਾਇਆ ਵੱਖਰਾ ਧਰਨਾ 13 ਅਗਸਤ ਨੂੰ ਸਮਾਪਤ ਕਰ ਦਿੱਤਾ ਸੀ।
ਕਿਸਾਨ ਜਥੇਬੰਦੀ ਖੋਸਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਫ਼ਤਿਹ ਸਿੰਘ ਕੋਟ ਕਰੋੜ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਬੀਐੱਸ ਮਹਿਤਾ, ਆਸ਼ੂ ਸ਼ਰਮਾ ਤੇ ਪ੍ਰਿੰਸ ਨਾਲ ਹੋਏ ਸਮਝੌਤੇ ਮੁਤਾਬਕ ਵਿਭਾਗ ਨੇ ਪਿੰਡ ਕੋਟ ਕਰੋੜ ਕਲਾਂ ਦੇ ਸਰਵਿਸ ਰੋਡ ਦਾ ਕੰਮ 16 ਅਗਸਤ ਨੂੰ ਸ਼ੁਰੂ ਕਰ ਦਿੱਤਾ ਹੈ ਤੇ 26 ਜਨਵਰੀ 2026 ਤੱਕ ਮੁਕੰਮਲ ਕਰਨ ਦਾ ਲਿਖਤੀ ਅਹਿਦ ਕੀਤਾ ਹੈ। ਸਮਝੌਤੇ ਨੂੰ ਸਿਰੇ ਚਾੜ੍ਹਨ ਵਿੱਚ ਟੌਲ ਪਲਾਜ਼ਾ ਕਾਮਿਆਂ ਦੇ ਆਗੂ ਸੁਖਜੀਤ ਸਿੰਘ ਖੋਸਾ ਤੇ ਸੰਦੀਪ ਸਿੰਘ ਖੋਸਾ ਨੇ ਅਹਿਮ ਭੂਮਿਕਾ ਨਿਭਾਈ। ਪਲਾਜ਼ਾ ਮੁੜ ਚਾਲੂ ਹੋਣ ਨਾਲ 70 ਕਾਮਿਆਂ ਦੀ ਰੋਜ਼ੀ ਵੀ ਮੁੜ ਤੋਂ ਚਾਲੂ ਹੋ ਗਈ ਹੈ। ਸਮਝੌਤੇ ਮੌਕੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ, ਪੰਚ ਨਵਤੇਜ ਸਿੰਘ, ਜਸਬੀਰ ਸਿੰਘ, ਲਖਵਿੰਦਰ ਸਿੰਘ, ਮੁਖ਼ਤਿਆਰ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ, ਜਥੇਬੰਦੀ ਦੇ ਆਗੂ ਸੁਖਮੰਦਰ ਸਿੰਘ, ਚਮਕੌਰ ਸਿੰਘ, ਬਲਦੇਵ ਸਿੰਘ ਤੇ ਜੋਗਿੰਦਰ ਸਿੰਘ ਆਦਿ ਵੀ ਹਾਜ਼ਰ ਰਹੇ।