ਕਿਸਾਨਾਂ ਵੱਲੋਂ ਸਹਿਕਾਰੀ ਬੈਂਕ ਦੇ ਐੱਮਡੀ ਸਣੇ ਸਟਾਫ਼ ਦਾ ਘਿਰਾਓ
ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਪਰੈਲ
ਸਹਿਕਾਰੀ ਵਿਭਾਗ ਦੀਆਂ ਖੇਤੀਬਾੜੀ ਸਭਾਵਾਂ ਵੱਲੋਂ ਕਿਸਾਨਾਂ ਦੇ ਹੱਦ ਕਰਜ਼ੇ ਲਈ ਮੁੜ ਤੋਂ ਮੰਗੀਆਂ ਜਾ ਰਹੀਆਂ ਜਮ੍ਹਾਂਬੰਦੀਆਂ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਦੇਰ ਰਾਤ ਤੱਕ ਇਥੇ ਸਥਿਤ ਜ਼ਿਲ੍ਹਾ ਪੱਧਰੀ ਕੋਆਪਰੇਟਿਵ ਬੈਂਕ ਦੇ ਐੱਮਡੀ ਹੋਰ ਸਟਾਫ਼ ਦਾ ਘਿਰਾਓ ਕੀਤਾ ਗਿਆ। ਘਿਰਾਓ ਛੁੱਟੀ ਬਾਅਦ ਜਦੋਂ ਢਾਈ ਘੰਟੇ ਤੱਕ ਜਾਰੀ ਰਿਹਾ ਤਾਂ ਪੰਜਾਬ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਵੱਲੋਂ ਡੀਐਸਪੀ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਕਿਸਾਨਾਂ ਅਤੇ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਸਮਝੌਤਾ ਕਰਵਾਉਣ ਲਈ ਪੁੱਜੀ, ਜਿੰਨ੍ਹਾਂ ਨੇ ਲੰਮੀ ਗੱਲਬਾਤ ਅਤੇ ਅਪੀਲਾਂ-ਦਲੀਲਾਂ ਤੋਂ ਬਾਅਦ ਘੇਰੇ ਹੋਏ ਅਧਿਕਾਰੀਆਂ ਛੁਡਵਾਇਆ। ਜਥੇਬੰਦੀ ਨੇ ਪੱਕਾ ਮੋਰਚਾ ਆਰੰਭ ਕਰਦਿਆਂ ਸੋਮਵਾਰ ਬੈਂਕ ਮੁਹਰੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ। ਉਂਝ ਸ਼ਨਿਚਰਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਸੁਣਾਇਆ।
ਇਸ ਤੋਂ ਪਹਿਲਾਂ ਜਥੇਬੰਦੀਆਂ ਦਿਨ ਵੇਲੇ ਕੋਆਪਰੇਟਿਵ ਬੈਂਕ ਦੇ ਐਮ.ਡੀ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਖੇਤੀਬਾੜੀ ਦਾ ਕੰਮ ਕਰਨ ਵਾਲੇ ਕਿਸਾਨਾਂ ਵੱਲੋਂ ਖੇਤੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਹਿਕਾਰੀ ਸਭਾਵਾਂ ਤੋਂ ਹੱਦ ਕਰਜੇ ਲਏ ਹੋਏ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਕਰਜ਼ਾ ਲੈਣ ਵੇਲੇ ਜ਼ਮੀਨਾਂ ਦੀਆਂ ਜਮਾਂਬੰਦੀਆਂ ਦਿੱਤੀਆਂ ਹੋਈਆਂ ਹਨ, ਜਿਸ ਤੋਂ ਬਾਅਦ ਕਿਸਾਨ ਸਬੰਧਿਤ ਸਭਾਵਾਂ ਤੋਂ ਨਗਦ ਰੂਪ ਵਿੱਚ ਰੁਪਏ ਤੇ ਖਾਦ ਵਗੈਰਾ ਲਗਾਤਾਰ ਲੈ ਰਹੇ ਹਨ ਅਤੇ ਵਿਆਜ ਸਮੇਤ ਸਮੇਂ-ਸਿਰ ਕਰਜਾ ਮੋੜ ਰਹੇ ਹਨ, ਪਰ ਹੁਣ ਸਹਿਕਾਰਤਾ ਵਿਭਾਗ ਵੱਲੋਂ ਨਵਾਂ ਫੁਰਮਾਨ ਜਾਰੀ ਕਰਦਿਆਂ ਸੁਸਾਇਟੀਆਂ ਤੋਂ ਕਰਜਾ ਲੈ ਰਹੇ ਕਿਸਾਨਾਂ ਤੋਂ ਦੁਬਾਰਾ ਜ਼ਮੀਨਾਂ ਦੀਆਂ ਨਵੀਆਂ ਫਰਦਾਂ ਮੰਗੀਆਂ ਜਾ ਰਹੀਆਂ ਹਨ।
ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨੂੰ ਕੰਮ ਦੀ ਰੁੱਤ ਵਿੱਚ ਫ਼ਰਦ ਕੇਂਦਰਾਂ ਵਿੱਚ ਲਾਇਨਾਂ ਵਿੱਚ ਲੱਗਣਾ ਪਵੇਗਾ ਅਤੇ ਤਕਸੀਮ ਨਾ ਹੋਣ ਵਾਲੇ ਕਿਸਾਨਾਂ ਨੂੰ ਸਾਂਝੇ ਖਾਤੇ ਹੋਣ ਕਰਕੇ ਸਾਰੇ ਖਾਤਿਆਂ ਦੀਆਂ ਜਮਾਂਬੰਦੀਆਂ ਲੈਣੀਆਂ ਪੈਣਗੀਆਂ, ਵਕੀਲਾਂ ਕੋਲੋਂ ਹਿੱਸੇਦਾਰੀ ਕਢਾਉਣੀ ਪਵੇਗੀ ਅਤੇ ਹਲਫੀਆ ਬਿਆਨ ਤਿਆਰ ਕਰਵਾਕੇ ਦੇਣੇ ਪੈਣਗੇ, ਜਿਸ ਨਾਲ ਕਿਸਾਨਾਂ ਦਾ ਸਮਾਂ ਤੇ ਪੈਸਾ ਖਰਚ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਮਾਲ ਵਿਭਾਗ ਦੇ ਰਿਕਾਰਡ ਵਿੱਚ ਆਨਲਾਈਨ ਹਨ ਤਾਂ ਸਹਿਕਾਰਤਾ ਵਿਭਾਗ, ਮਾਲ ਮਹਿਕਮੇ ਜਾਂ ਪ੍ਰਾਈਵੇਟ ਕੈਫਿਆਂ ਤੋਂ ਰਿਕਾਰਡ ਲੈ ਸਕਦੀਆਂ ਹਨ, ਜਿਸ ਨਾਲ ਕਿਸਾਨਾਂ ਦਾ ਟਾਇਮ ਅਤੇ ਪੈਸੇ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈਕੇ ਮਹਿਕਮੇ ਦੇ ਅਧਿਕਾਰੀਆਂ ਨੂੰ ਵਾਰ-ਵਾਰ ਮਿਲ ਚੁੱਕੇ ਹਨ, ਪਰ ਸਿਵਾਏ ਲਾਰਿਆਂ ਦੇ ਮਸਲੇ ਦਾ ਹੱਲ ਨਹੀਂ ਕੀਤਾ ਗਿਆ, ਜਿਸ ਕਰਕੇ ਜਥੇਬੰਦੀ ਨੂੰ ਮਹਿਕਮੇ ਦੇ ਮੁੱਖ ਦਫ਼ਤਰ ਮਾਨਸਾ ਦਾ ਘਿਰਾਓ ਕਰਨਾ ਪਿਆ ਹੈ।
ਇਸ ਮੌਕੇ ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਸੁਰਜੀਤ ਸਿੰਘ ਕੋਟਲੱਲੂ, ਗੁਰਦੀਪ ਸਿੰਘ ਖੋਖਰ ਨੇ ਵੀ ਸੰਬੋਧਨ ਕੀਤਾ।