ਕਸਬਾ ਸ਼ਹਿਣਾ, ਵਿਧਾਤੇ, ਲੀਲੋ ਆਦਿ ਪਿੰਡਾਂ ਵਿੱਚੋਂ ਦੀ ਬਣ ਰਿਹਾ ਨਵਾਂ ਸੂਆ ਨੂੰ ਲੈ ਕੇ ਕਿਸਾਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਸੂਆ ਇੱਕ ਪਾਸੇ ਬਣਾਉਣ ਦੀ ਬਜਾਏ ਸੈਂਟਰ ਵਿੱਚ ਬਣਾਇਆ ਜਾਵੇ। ਕਿਸਾਨਾਂ ਨੇ ਇਕੱਠੇ ਹੋ ਕੇ ਫਿਲਹਾਲ ਸੂਏ ਦਾ ਕੰਮ ਰੋਕ ਦਿੱਤਾ ਹੈ ਅਤੇ ਅਧਿਕਾਰੀਆਂ ਨੂੰ ਆ ਕੇ ਮੌਕਾ ਦੇਖਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਪਿੰਡ ਲੀਲੋ ਦੇ ਸਰਪੰਚ ਜਗਤਾਰ ਸਿੰਘ, ਪੰਚ ਜਗਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਪ੍ਰਧਾਨ ਜਗਸੀਰ ਸਿੰਘ, ਤਰਸੇਮ ਸਿੰਘ ਆਦਿ ਨੇ ਦੱਸਿਆ ਕਿ ਸੂਆ ਬਣਾਉਣ ਵਾਲੇ ਪਟੜੀ ਦੋਵੇਂ ਪਾਸੇ ਬਰਾਬਰ ਬਣਾਉਣ ਦੀ ਬਿਜਾਈ ਇੱਕ ਪਾਸੇ ਪਟੜੀ ਨੂੰ ਠੋਸ ਬਣਾ ਰਹੇ ਹਨ। ਸੜਕ ਵਾਲੇ ਪਾਸੇ ਪਟੜੀ ਕਮਜ਼ੋਰ ਹੋਣ ਕਾਰਨ ਕਈ ਵਾਰੀ ਸੂਆ ਟੁੱਟ ਚੁੱਕਾ ਹੈ ਅਤੇ ਫ਼ਸਲਾਂ ਦਾ ਨੁਕਸਾਨ ਹੋ ਚੁੱਕਾ ਹੈ।
ਸਬੰਧਤ ਵਿਭਾਗ ਨੇ ਪਟੜੀ ਤੋਂ ਦਰੱਖ਼ਤ ਵੀ ਨਹੀਂ ਹਟਾਏ। ਇਸ ਸਬੰਧੀ ਕਿਸਾਨਾਂ ਨੇ ਤਹਿਸੀਲਦਾਰ ਅਤੇ ਐਕਸ਼ਨ ਨਹਿਰੀ ਵਿਭਾਗ ਨੂੰ ਮੰਗ ਪੱਤਰ ਦੇਕੇ ਮੌਕਾ ਦੇਖਣ ਦੀ ਮੰਗ ਵੀ ਕੀਤੀ ਪ੍ਰੰਤੂ ਕੋਈ ਵੀ ਅਧਿਕਾਰੀ ਮੌਕਾ ਦੇਖਣ ਨਹੀਂ ਆਇਆ।
ਕਿਸਾਨਾਂ ਨੇ ਮੰਗ ਕੀਤੀ ਕਿ ਸੂਏਂ ਦੀ ਚੌੜਾਈ 12 ਕਰਮਾਂ ਦੀ ਹੈ। ਸੂਆ ਬਿਲਕੁਲ ਸੈਂਟਰ ਦੇ ਵਿੱਚ ਬਣਾਇਆ ਜਾਵੇ। ਸੂਆ ਸੈਂਟਰ ਚ ਨਾ ਹੋਣ ਸੜਕ ਦਾ ਰਸਤਾ ਵੀ ਤੰਗ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਦਰੱਖ਼ਤ ਪਟੜੀ ਦੇ ਵਿੱਚ ਹਨ। ਕਿਸਾਨਾਂ ਨੇ ਇਹ ਵੀ ਕਿਹਾ ਕਿ ਸਬੰਧਤ ਵਿਭਾਗ ਦੇ ਐੱਸ ਡੀ ਓ ਆਉਂਦੇ ਤਾਂ ਹਨ ਪਰ ਕਿਸਾਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਜਿੰਨਾ ਚਿਰ ਉੱਚ ਅਧਿਕਾਰੀ ਆਕੇ ਮੌਕਾ ਨਹੀਂ ਦੇਖਦੇ, ਉਨਾਂ ਚਿਰ ਸੂਏਂ ਦਾ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ।
ਐੱਸ ਡੀ ਓ ਨਹਿਰੀ ਵਿਭਾਗ ਨੇ ਦੱਸਿਆ ਕਿ ਸੂਆ ਸੈਂਟਰ ਵਿੱਚ ਅਤੇ ਨਿਯਮਾਂ ਮੁਤਾਬਕ ਬਣਾਇਆ ਜਾਵੇਗਾ। ਕਿਸੇ ਨੂੰ ਵੀ ਕੁਤਾਹੀ ਕਰਨ ਦੀ ਕੋਈ ਆਗਿਆ ਨਹੀਂ ਦਿੱਤੀ ਜਾਵੇਗੀ। ਜਲਦੀ ਹੀ ਸੂਏ ਦਾ ਮੌਕਾ ਵੀ ਦੇਖਿਆ ਜਾਵੇਗਾ ਤੇ ਕਿਸਾਨਾਂ ਦੀਆਂ ਦਿੱਕਤਾਂ ਵੀ ਸੁਣੀਆਂ ਜਾਣਗੀਆਂ।

