ਕਿਸਾਨਾਂ ਨੇ ਕਰਜ਼ਈ ਮਜ਼ਦੂਰ ਦੇ ਘਰ ਦੀ ਨਿਲਾਮੀ ਰੁਕਵਾਈ
ਪਵਨ ਗੋਇਲ
ਭੁੱਚੋ ਮੰਡੀ, 4 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਨੇ ਪਿੰਡ ਭੁੱਚੋ ਖੁਰਦ ਵਿੱਚ ਮਜ਼ਦੂਰ ਇਕਬਾਲ ਸਿੰਘ ਦੇ ਘਰ ਦੀ ਨਿਲਾਮੀ ਰੁਕਵਾਉਣ ਲਈ ਧਰਨਾ ਦਿੱਤਾ ਅਤੇ ਬੈਂਕ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਸੰਘਰਸ਼ ਕਾਰਨ ਬੈਂਕ ਅਧਿਕਾਰੀ ਨਿਲਾਮੀ ਲਈ ਨਹੀਂ ਆਏ। ਧਰਨੇ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਹੋਈਆਂ।
ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ, ਚੰਦ ਸਿੰਘ, ਨਛੱਤਰ ਸਿੰਘ ਭੁੱਲਰ, ਮੰਦਰ ਸਿੰਘ ਨਾਗਰਾ ਨੇ ਕਿਹਾ ਕਿ ਮਜ਼ਦੂਰ ਇਕਬਾਲ ਸਿੰਘ ਅਨੁਸਾਰ ਉਸ ਨੇ ਇਕ ਫਾਇਨਾਂਸ ਬੈਂਕ ਤੋਂ 3-8-2022 ਨੂੰ ਘਰ ’ਤੇ ਤਿੰਨ ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ 3-1-2034 ਤੱਕ ਭਰਨਾ ਸੀ। ਇਸ ਦੀ ਇੱਕ ਮਹੀਨੇ ਦੀ ਕਿਸ਼ਤ 4661 ਰੁਪਏ ਬਣਦੀ ਸੀ। ਉਨ੍ਹਾਂ ਕਿਹਾ ਕਿ ਬੈਂਕ ਦੀ ਸਟੇਟਮੈਂਟ ਅਨੁਸਾਰ ਮਜ਼ਦੂਰ ਨੇ 1,89,513 ਰੁਪਏ ਭਰ ਦਿੱਤੇ ਹਨ। ਕਿਸੇ ਮਜਬੂਰੀ ਕਾਰਨ ਮਜ਼ਦੂਰ ਇੱਕ-ਦੋ ਕਿਸ਼ਤਾਂ ਨਹੀਂ ਭਰ ਸਕਿਆ। ਕਿਸਾਨ ਆਗੂਆਂ ਦਾ ਤਰਕ ਸੀ ਕਿ ਕਰਜ਼ ਲਏ ਨੂੰ ਹਾਲੇ ਸਿਰਫ ਤਿੰਨ ਸਾਲ ਹੀ ਹੋਏ ਹਨ ਅਤੇ ਕਰਜ਼ ਭਰਨ ਲਈ ਸੱਤ ਸਾਲ ਦਾ ਸਮਾਂ ਬਾਕੀ ਹੈ। ਮਜ਼ਦੂਰ ਇਕਬਾਲ ਸਿੰਘ ਸਿੰਘ ਇਸ ਨੂੰ ਅਸਾਨੀ ਨਾਲ ਭਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਘਰ ਨੂੰ ਤਾਲਾ ਲਾ ਕੇ ਗਏ ਬੈਂਕ ਅਧਿਕਾਰੀਆਂ ਨਾਲ ਕਰਜ਼ਈ ਮਜ਼ਦੂਰ ਦਾ ਸਮਝੌਤਾ ਕਰਵਾ ਦਿੱਤਾ ਗਿਆ ਸੀ ਪਰ ਬੈਂਕ ਨੇ ਮੁੜ ਦੁਬਾਰਾ ਨਿਲਾਮੀ ਦੇ ਹੁਕਮ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਮਜ਼ਦੂਰ ਦੇ ਘਰ ਦੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਜਰਨੈਲ ਸਿੰਘ, ਲਖਬੀਰ ਸਿੰਘ ਮਾਨ, ਨਗੋਰ ਸਿੰਘ, ਬੇਅੰਤ ਸਿੰਘ, ਗੁਰਦੇਵ ਸਿੰਘ, ਮਲਕੀਤ ਸਿੰਘ, ਪੱਪਨੀ ਸਿੰਘ, ਕਰਮਜੀਤ ਕੌਰ ਲਹਿਰਾ ਖਾਨਾ, ਬਚਿੱਤਰ ਸਿੰਘ , ਸਾਧਾ ਸਿੰਘ, ਹਰਦੇਵ ਸਿੰਘ, ਚਰਨਜੀਤ ਕੌਰ, ਰਾਣੀ ਕੌਰ, ਸੁਖਦੇਵ ਸਿੰਘ, ਗੁਰਮੇਲ ਸਿੰਘ, ਗੁਰਤੇਜ ਸਿੰਘ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।
ਕੈਪਸ਼ਨ: ਭੁੱਚੋ ਖੁਰਦ ਵਿੱਚ ਮਜ਼ਦੂਰ ਦੇ ਘਰ ਅੱਗੇ ਬੈਂਕ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।