ਕਿਸਾਨਾਂ ਵੱਲੋਂ ਮਾਨਸਾ ਦੇ ਐੱਸ ਐੱਸ ਪੀ ਦਫ਼ਤਰ ਮੂਹਰੇ ਧਰਨਾ
ਡੀ ਐੱਸ ਪੀ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ; ਮੰਗਾਂ ਨਾ ਮੰਨਣ ’ਤੇ ਸੰਘਰਸ਼ ਦੀ ਚਿਤਾਵਨੀ
ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ ਦੇ ਐੱਸ ਐੱਸ ਪੀ ਦਫ਼ਤਰ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਰਹੇ ਸਨ ਕਿ ਜ਼ਿਲ੍ਹੇ ਦੇ ਪਿੰਡ ਪਿੱਪਲੀਆਂ ਦੇ ਕਿਸਾਨ ਹਰਬੰਸ ਸਿੰਘ ਦੇ ਨਾਲ, ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਏਜੰਟਾਂ ਵੱਲੋਂ 42 ਲੱਖ ਦੀ ਠੱਗੀ ਮਾਰੀ ਗਈ ਸੀ, ਜਿਸ ਸਬੰਧੀ ਧੋਖਾਧੜੀ ਕਰਨ ਦਾ ਪਰਚਾ ਸਿਟੀ ਥਾਣਾ ਬੁਢਲਾਡਾ ਵਿੱਚ ਦਰਜ ਹੋਇਆ ਸੀ, ਪਰ ਪੁਲੀਸ ਪ੍ਰਸ਼ਾਸਨ ਵੱਲੋਂ ਪੰਜ ਮਹੀਨੇ ਬੀਤਣ ਦੇ ਬਾਵਜੂਦ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਉਲਟਾ ਹੁਣ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਬੇਗੁਨਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਧਰਨੇ ਦੌਰਾਨ ਪਿੰਡ ਕੁਲਰੀਆਂ ਦੀ ਵਿਵਾਦਗ੍ਰਸਤ ਜ਼ਮੀਨ ਮਾਮਲੇ ਵਿੱਚ ਦੋ ਗੁੱਟਾਂ ਦੀ ਹੋਈ ਲੜਾਈ ਦੌਰਾਨ ਕੁਝ ਕਿਸਾਨ ਆਗੂਆਂ ਨੂੰ ਜਾਣ-ਬੁੱਝ ਕੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ, ਜਦੋਂ ਕਿ ਪਿੰਡ ਕੁਲਰੀਆਂ ਦੇ ਆਬਾਦਕਾਰ ਕਿਸਾਨ ਆਪਣੀ ਜ਼ਮੀਨ ਦੇ ਮਾਲਕੀ ਹੱਕ ਲੈਣ ਲਈ ਸਰਕਾਰ ਖਿਲਾਫ਼ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਬਦਲਾਖੋਰੀ ਦੀ ਭਾਵਨਾ ਨਾਲ ਕਿਸਾਨ ਵਰਕਰਾਂ ਨੂੰ ਮੁਕੱਦਮੇ ਵਿੱਚ ਉਲਝਾਇਆ ਜਾ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਮੰਗ ਕੀਤੀ ਕਿ ਬੇਦੋਸ਼ੇ ਕਿਸਾਨਾਂ ਨੂੰ ਤੁਰੰਤ ਮੁਕੱਦਮੇ ਵਿੱਚੋਂ ਬਾਹਰ ਕੀਤਾ ਜਾਵੇ ਅਤੇ ਜੇ ਪੁਲੀਸ ਪ੍ਰਸ਼ਾਸਨ ਨੇ ਫੌਰੀ ਤੌਰ ਤੇ ਇਹ ਮੰਗਾਂ ਮੰਨਦੇ ਹੋਏ ਅਮਲ ਨਾ ਕੀਤਾ ਤਾਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਲਖਵੀਰ ਸਿੰਘ ਅਕਲੀਆ, ਮੱਖਣ ਸਿੰਘ ਭੈਣੀ ਬਾਘਾ, ਤਾਰਾ ਚੰਦ ਬਰੇਟਾ, ਦਰਸ਼ਨ ਸਿੰਘ ਗੁਰਨੇ, ਬਲਵਿੰਦਰ ਸ਼ਰਮਾ, ਬਲਦੇਵ ਸਿੰਘ ਪਿੱਪਲੀਆਂ, ਮੇਜਰ ਸਿੰਘ ਦੂਲੋਵਾਲ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਧਰਨੇ ਮੌਕੇ ਜਿਲ੍ਹਾ ਪੁਲੀਸ ਪ੍ਰਸ਼ਾਸਨ ਦੇ ਉਪ ਕਪਤਾਨ ਮਾਨਸਾ ਬੂਟਾ ਸਿੰਘ ਗਿੱਲ ਵੱਲੋਂ ਮੰਚ ਤੋਂ ਭਰੋਸਾ ਦਿੱਤਾ ਗਿਆ ਕਿ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇਗਾ ਅਤੇ ਜਲਦੀ ਬੇਦੋਸ਼ੇ ਕਿਸਾਨਾਂ ਨੂੰ ਬੇਗੁਨਾਹ ਕੀਤਾ ਜਾਵੇਗਾ, ਜਦੋਂ ਕਿ ਬੇਦੋਸ਼ੇ ਕਿਸੇ ਕਿਸਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਪਿੱਪਲੀਆਂ ਦੇ ਕਿਸਾਨ ਨਾਲ ਹੋਈ ਧੋਖਾਧੜੀ ਦੇ ਜਿੰਮੇਵਾਰ ਵਿਅਕਤੀਆਂ ਨੂੰ ਸਖਤ ਕਾਨੂੰਨੀ ਕਾਰਵਾਈ ਅਧੀਨ ਲਿਆਂਦਾ ਜਾਵੇਗਾ। ਇਸ ਭਰੋਸੇ ਉਪਰੰਤ ਕਿਸਾਨਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।