ਮੁਕਤਸਰ-ਫ਼ਿਰੋਜ਼ਪੁਰ ਮਾਰਗ ਦੀ ਮੁਰੰਮਤ ਲਈ ਕਿਸਾਨਾਂ ਨੇ ਮੋਰਚਾ ਲਾਇਆ
ਮੰਗ ਨਾ ਮੰਨਣ ’ਤੇ ਸਡ਼ਕ ਜਾਮ ਕਰਨ ਦਾ ਐਲਾਨ; ਪ੍ਰਸ਼ਾਸਨ ਨੇ ਮੀਟਿੰਗ ਲਈ ਦਿੱਤਾ ਭਲਕ ਦਾ ਸਮਾਂ
ਮੁਕਤਸਰ-ਫਿਰੋਜ਼ਪੁਰ ਮਾਰਗ ਦੀ ਮੁਰੰਮਤ ਕਰਵਾਉਣ ਲਈ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਿਰਤੀ ਕਿਸਾਨ ਯੂਨੀਅਨ ਵੱਲੋਂ ਡੇਰਾ ਬਾਬਾ ਦਿਆਲ ਦਾਸ ਜੀ ਲੁਬਾਣਿਆਂਵਾਲ਼ੀ ਅੱਡੇ ’ਤੇ ਦਿਨ ਰਾਤ ਦਾ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਰੋਡ ਨੂੰ ਮੁਕੰਮਲ ਕਰਾਉਣ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਡੇਰਾ ਬਾਬਾ ਦਿਆਲ ਦਾਸ ਜੀ ਬੱਸ ਸਟੈਂਡ ਲੁਬਾਣਿਆਂਵਾਲੀ ਵਿੱਚ ਵੱਡਾ ਇਕੱਠ ਕੀਤਾ ਗਿਆ। ਇਸ ’ਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਲੋਕ ਹਾਜ਼ਰ ਸਨ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਮਾਸਟਰ ਜਸਵਿੰਦਰ ਸਿੰਘ ਝਬੇਲਵਾਲੀ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡੇ, ਜ਼ਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ, ਹਰਜਿੰਦਰ ਸਿੰਘ ਕਿੰਗਰਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ, ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਮੰਗਾ ਆਜ਼ਾਦ ਨੇ ਕਿਹਾ ਕਿ ਇਹ ਸੜਕ ਲੰਬੇ ਸਮੇਂ ਤੋਂ ਲਟਕੀ ਹੋਈ ਹੈ ਜਿੱਥੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਜਾ ਅਣਸੁਖਾਵੀਂ ਘਟਨਾ ਵਾਪਰ ਜਾਂਦੀਆਂ ਹਨ। ਕਿਰਤੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਗਿਆ ਪਰ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਇਹ ਸੜਕ ਤਿੰਨ ਜ਼ਿਲ੍ਹਿਆਂ ਨੂੰ ਆਪਸ ’ਚ ਜੋੜਦੀ ਹੈ ਤੇ ਜਰਨੈਲੀ ਸੜਕ ਹੋਣ ਦੇ ਬਾਵਜੂਦ ਸੜਕ ਦਾ ਕੋਈ ਹੱਲ ਨਹੀਂ ਹੋਇਆ। ਕਿਰਤੀ ਕਿਸਾਨ ਯੂਨੀਅਨ ਵੱਲੋਂ ਪਹਿਲਾਂ ਵੀ ਧਰਨਾ ਲਾਇਆ ਗਿਆ ਸੀ, ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ’ਚ 45 ਦਿਨਾਂ ਦਾ ਟਾਈਮ ਦਿੱਤਾ ਗਿਆ ਸੀ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਸਵੇਰੇ ਤੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ। ਧਰਨੇ ’ਚ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ, ਡੀ ਐੱਸ ਪੀ ਮੁਕਤਸਰ ਸਾਹਿਬ ਤੇ ਸੜਕ ਮਹਿਕਮੇ ਨਾਲ ਸਬੰਧਤ ਅਧਿਕਾਰੀ ਵੀ ਪਹੁੰਚੇ ਤੇ ਪ੍ਰਸ਼ਾਸਨ ਵੱਲੋਂ ਸੋਮਵਾਰ ਦਾ ਮੀਟਿੰਗ ਦਾ ਟਾਈਮ ਦਿੱਤਾ ਗਿਆ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਧਿਕਾਰੀਆਂ ਦੀ ਹਾਜ਼ਰੀ ’ਚ ਐਲਾਨ ਕੀਤਾ ਗਿਆ ਕਿ ਜੇਕਰ ਕੰਮ ਸ਼ੁਰੂ ਨਹੀਂ ਹੁੰਦਾ ਤਾਂ 10 ਅਕਤੂਬਰ ਤੋਂ ਮੁਕਤਸਰ ਫਿਰੋਜ਼ਪੁਰ ਰੋਡ ਨੂੰ ਪੱਕੇ ਤੌਰ ’ਤੇ ਜਾਮ ਕੀਤਾ ਜਾਵੇਗਾ। ਇਸ ਮੌਕੇ ਆਗੂ ਦਵਿੰਦਰ ਸਿੰਘ ਲੁਬਾਣਿਆਂਵਾਲੀ, ਜਗਮੀਤ ਸਿੰਘ ਜੰਡੋਕੇ, ਜਸਬੀਰ ਸਿੰਘ ਸਰਾਏਨਾਗਾ, ਬਲਵਿੰਦਰ ਸਿੰਘ ਕੋਟਲੀ, ਕੌਮੀ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ ਡੋਹਕ, ਜਸਵੰਤ ਸਿੰਘ ਡੋਡਾਂਵਾਲੀ ਨੇ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਗੁਰਮੀਤ ਸਿੰਘ, ਜਸਦੇਵ ਸਿੰਘ, ਗੁਰਸੇਵਕ ਸਿੰਘ ਸੰਗਰਾਣਾ, ਪ੍ਰਗਟ ਝਬੇਲਵਾਲੀ, ਸੁਖਦੇਵ ਸਿੰਘ ਝਬੇਲਵਾਲੀ, ਹਰਜਿੰਦਰ, ਗੁਰਤੇਜ, ਮੱਸਾ ਸਿੰਘ, ਕਾਕਾ ਸਿੰਘ ਲੰਡੇ ਰੋਡੇ, ਜਗਸੀਰ ਸਿੰਘ ਸੱਕਾਂਵਾਲੀ, ਜਗਦੇਵ ਸਿੰਘ ਸੰਗਰਾਣਾ ਤੇ ਹੋਰ ਹਾਜ਼ਰ ਸਨ।