ਕਿਸਾਨਾਂ ਨੇ ਢਾਈ ਲੱਖ ਮੁਆਵਜ਼ੇ ਦੀ ਪੇਸ਼ਕਸ਼ ਠੁਕਰਾਈ
ਮੁਅਾਵਜ਼ੇ ਲਈ ਡੀ ਸੀ ਦਫ਼ਤਰ ਅੱਗੇ ਡਟੇ ਕਿਸਾਨ; ਪੱਕਾ ਧਰਨਾ ਸੱਤਵੇਂ ਦਿਨ ਵੀ ਜਾਰੀ
ਬੀਜ ਵੰਡ ਕੇ ਪਰਤਦਿਆਂ ਹਾਦਸੇ ’ਚ ਜਾਨ ਗੁਆਉਣ ਵਾਲੇ ਕਿਸਾਨ ਹਰਜੀਤ ਸਿੰਘ ਦੇ ਪਰਿਵਾਰ ਅਤੇ ਜ਼ਖਮੀ ਕਿਸਾਨ ਬਲਵੰਤ ਸਿੰਘ ਦੇ ਇਲਾਜ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਡੀ ਸੀ ਦਫਤਰ ਅੱਗੇ ਪੱਕਾ ਧਰਨਾ ਸੱਤਵੇਂ ਦਿਨ ਵੀ ਜਾਰੀ ਰਿਹਾ। ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਟਿੰਗ ਕੀਤੀ ਗਈ। ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਢਾਈ ਲੱਖ ਰੁਪਏ ਦੇ ਮੁਆਵਜ਼ੇ ਦੀ ਕੀਤੀ ਗਈ ਪੇਸ਼ਕਸ਼ ਨੂੰ ਜਥੇਬੰਦੀ ਦੇ ਆਗੂਆਂ ਗੁਰਭਗਤ ਸਿੰਘ ਭਲਾਈਆਣਾ ਅਤੇ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਅਧਿਕਾਰੀ ਨੂੰ ਦੋ ਟੁਕ ਜੁਆਬ ਦਿੰਦਿਆਂ ਨਕਾਰ ਦਿੱਤਾ। ਉਨ੍ਹਾਂ ਅਧਿਕਾਰੀ ਨੂੰ ਸਪੱਸ਼ਟ ਕੀਤਾ ਕਿ ਸੂਬਾ ਕਮੇਟੀ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਸ਼ਾਮਲ ਸਾਰੀਆਂ ਮੰਗਾਂ ਜਿਸ ਵਿੱਚ ਮ੍ਰਿਤਕ ਹਰਜੀਤ ਸਿੰਘ ਕੋਟਕਪੂਰਾ ਦੇ ਪੀੜਤ ਪਰਿਵਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਇਕ ਜੀਅ ਲਈ ਸਰਕਾਰੀ ਨੌਕਰੀ, ਸਾਰਾ ਕਰਜ਼ਾ ਮੁਆਫ ਅਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਬਲਵੰਤ ਸਿੰਘ ਨੰਗਲ ਦੇ ਇਲਾਜ ਦਾ ਸਾਰਾ ਖਰਚਾ ਦੇਣਾ ਸ਼ਾਮਲ ਹੈ, ਤੋਂ ਘੱਟ ਕੋਈ ਫੈਸਲਾ ਸਵੀਕਾਰ ਨਹੀਂ ਕੀਤਾ ਜਾਵੇਗਾ। ਬਾਅਦ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਨੱਥਾ ਸਿੰਘ ਰੋੜੀ ਕਪੂਰਾ ਤੇ ਨਿਸ਼ਾਨ ਸਿੰਘ ਕੱਖਾਂਵਾਲੀ ਨੇ ਐਲਾਨ ਕੀਤਾ ਕਿ ਸਾਰੀਆਂ ਮੰਗਾਂ ਮੰਨੇ ਜਾਣ ਤੱਕ ਅਣਮਿਥੇ ਸਮੇਂ ਦਾ ਧਰਨਾ ਜਾਰੀ ਰਹੇਗਾ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਸਮਰਥਨ ਪਹਿਲੇ ਦਿਨ ਤੋਂ ਹੀ ਹਾਸਲ ਹੈ ਅਤੇ ਅੱਜ ਇਸ ਧਰਨੇ ਉਸ ਵੇਲੇੇ ਹੋਰ ਬਲ ਮਿਲਿਆ ਜਦੋਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ।

