ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਇੱਥੋਂ ਦੇ ਡੀ ਸੀ ਦਫ਼ਤਰ ਮੂਹਰੇ ਸਖ਼ਤ ਪੁਲੀਸ ਪ੍ਰਬੰਧਾਂ ਹੇਠ 16ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਹਾਲਾਂਕਿ ਡੀ ਸੀ ਦਫ਼ਤਰ ਦੇ ਆਲੇ-ਦੁਆਲੇ ਪੁਲੀਸ ਦਾ ਪਹਿਰਾ 2 ਦਸੰਬਰ ਤੋਂ ਚੱਲ ਰਿਹਾ ਹੈ ਕਿਉਂਕਿ ਉਸ ਦਿਨ ਛੇ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਡੀ ਸੀ ਦਫ਼ਤਰ ਵਿੱਚ ਦਾਖ਼ਲ ਹੋ ਕੇ ਧਰਨਾ ਦਿੱਤਾ ਸੀ। ਪੁਲੀਸ ਨੇ ਕੋਈ ਖ਼ਤਰਾ ਮੁੱਲ ਨਾ ਲੈਂਦੇ ਹੋਏ ਹੁਣ ਪੱਕੇ ਤੌਰ ’ਤੇ ਨਾਕੇ ਲਾ ਦਿੱਤੇ ਹਨ। ਇਸ ਨਾਕਾਬੰਦੀ ਦੀ ਉੱਚ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਉਗਰਾਹਾਂ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ, ਮਲਕੀਤ ਸਿੰਘ ਕੋਟਕਪੂਰਾ, ਮੁਕਤਸਰ ਦੇ ਗੁਰਭਗਤ ਸਿੰਘ ਭਲਾਈਆਣਾ, ਗੁਰਪਾਸ਼ ਸਿੰਘ ਸਿੰਘੇਵਾਲਾ, ਹਰਫੂਲ ਸਿੰਘ ਭਾਗਸਰ, ਗੁਰਪਾਲ ਸਿੰਘ ਲੰਬੀ, ਕੁਲਦੀਪ ਸਿੰਘ ਮਲੋਟ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਜੀਤ ਸਿੰਘ ਹੋਰਾਂ ਨੇ ਕਿਹਾ ਕਿ ਸਰਕਾਰਾਂ ਲੋਕ ਪੱਖੀ ਹੋਣ ਦਾ ਦਿਖਾਵਾ ਤਾਂ ਕਰਦੀਆਂ ਹਨ ਪ੍ਰੰਤੂ ਅਮਲੀ ਰੂਪ ਵਿੱਚ ਉਹ ਕਾਰਪੋਰੇਟ ਪੱਖੀ ਹਨ। ਇਸੇ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਆਪਣੀਆਂ ਨਿੱਕੀਆਂ-ਨਿੱਕੀਆਂ ਮੰਗਾਂ ਲਈ ਸੜਕਾਂ ਉਪਰ ਰੁਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ੇ ਦੀਆਂ ਮੰਗਾਂ ਲਈ ਪ੍ਰਸ਼ਾਸਨ ਨਾਲ ਹੋਈਆਂ ਕਈ ਬੈਠਕਾਂ ਬੇਸਿੱਟਾਂ ਰਹੀਆਂ ਹਨ ਇਸ ਲਈ ਮੰਗਾ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਿਜਲੀ ਮੁਲਾਜ਼ਮ ਆਗੂ ਅਮਰਜੀਤ ਪਾਲ ਸ਼ਰਮਾ, ਅਜਾਇਬ ਸਿੰਘ ਮੱਲਣ, ਸੁਖਰਾਜ ਸਿੰਘ ਰਹੂੜਿਆਂਵਾਲੀ, ਗੁਰਸੇਵਕ ਸਿੰਘ ਲੰਬੀ, ਮਨੋਹਰ ਸਿੰਘ ਸਿੱਖਵਾਲਾ ਅਤੇ ਅਜਾਇਬ ਸਿੰਘ ਮੱਲਣ ਵੀ ਮੋਜੂਦ ਸੀ।

