ਕਲਾਲਮਾਜਰਾ ਅਤੇ ਕਿਰਪਾਲ ਸਿੰਘ ਵਾਲਾ ਦੇ ਕਿਸਾਨ ਨਹਿਰੀ ਪਾਣੀ ਤੋਂ ਵਾਂਝੇ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 18 ਜੂਨ
ਸੂਬਾ ਸਰਕਾਰ ਵੱਲੋਂ ਭਾਵੇਂ ਨਹਿਰੀ ਪਾਣੀ ਲਈ ਵੱਡੇ ਪੱਧਰ ’ਤੇ ਖਾਲ ਬਣਾਉਣ ਅਤੇ ਮੋਘੇ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਾਲੇ ਵੀ ਕੁੱਝ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਮਾਜਰਾ ਅਤੇ ਕਿਰਪਾਲ ਸਿੰਘ ਵਾਲਾ ਦੇ ਕਿਸਾਨ ਪਿਛਲੇ ਤਿੰਨ ਵਰ੍ਹਿਆਂ ਤੋਂ ਨਹਿਰੀ ਪਾਣੀ ਦੀ ਉਡੀਕ ਵਿੱਚ ਹਨ। ਕਲਿਆਣਾ ਰਜਵਾਹਾ ਨੰਬਰ 57/178 ਵਿੱਚੋਂ ਨਿਕਲਦੇ ਸਾਂਝੇ ਮੋਘੇ ਰਾਹੀਂ ਤਿੰਨ ਸਾਲਾਂ ਤੋਂ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ।
ਕਿਸਾਨ ਪਾਲ ਸਿੰਘ ਕਲੇਰ, ਸਰਬਜੀਤ ਸਿੰਘ, ਕੇਸਰ ਸਿੰਘ ਤੇ ਸੁੱਖੀ ਸਿੰਘ ਨੇ ਦੱਸਿਆ ਕਿ ਦੋਵੇਂ ਪਿੰਡਾਂ ਕੋਲ ਭਾਵੇਂ ਮੋਘਾ ਮੌਜੂਦ ਹੈ ਪਰ ਤਿੰਨ ਸਾਲਾਂ ਤੋਂ ਇੱਥੇ ਨਹਿਰੀ ਪਾਣੀ ਦੀ ਸਪਲਾਈ ਬੰਦ ਹੈ। ਉਨ੍ਹਾਂ ਦੱਸਿਆ ਕਿ 1994 ਤੋਂ ਚੱਲ ਰਹੇ ਇਨ੍ਹਾਂ ਮੋਘਿਆਂ ਰਾਹੀਂ ਕਈ ਸਾਲ ਤੱਕ ਪਾਣੀ ਮਿਲਦਾ ਰਿਹਾ ਪਰ ਪਿਛਲੇ ਤਿੰਨ ਸਾਲਾਂ ਤੋਂ ਪੂਰੀ ਤਰ੍ਹਾਂ ਸਪਲਾਈ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਦਫ਼ਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ ਪਰ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ।
ਉਨ੍ਹਾਂ ਦੱਸਿਆ ਕਿ ਵਿਭਾਗ ਦੇ ਕਹਿਣ ’ਤੇ ਕਿਸਾਨਾਂ ਨੇ ਆਪਣੀ ਜੇਬ ਤੋਂ ਖਰਚ ਕਰਕੇ ਮੋਘੇ ਦੀ ਸਫ਼ਾਈ ਵੀ ਕਰਵਾਈ ਪਰ ਅਜੇ ਤੱਕ ਪਾਣੀ ਨਹੀਂ ਮਿਲਿਆ। ਦੋਵੇਂ ਪਿੰਡਾਂ ਦੇ ਖੇਤ ਚੱਕਬੰਦੀ ਵਿੱਚ ਸ਼ਾਮਲ ਹਨ, ਫਿਰ ਵੀ ਨਾ ਇਨਸਾਫ਼ੀ ਜਾਰੀ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਸ਼ੁਰੂ ਹੈ, ਜਿਸ ਕਰਕੇ ਕਿਸਾਨਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਅਤੇ ਨਹਿਰੀ ਵਿਭਾਗ ਬੰਦ ਪਏ ਮੋਘੇ ਨੂੰ ਖੋਲ੍ਹ ਕੇ ਕਿਸਾਨਾਂ ਲਈ ਤੁਰੰਤ ਪਾਣੀ ਦੀ ਸਪਲਾਈ ਸ਼ੁਰੂ ਕਰੇ।
ਜਾਂਚ ਰਿਪੋਰਟ ਅਨੁਸਾਰ ਸਪਲਾਈ ਨਿਰਵਿਘਨ ਜਾਰੀ: ਐੱਸਡੀਓ
ਨਹਿਰੀ ਵਿਭਾਗ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਕਲਿਆਣ ਰਜਵਾਹੇ ਰਾਹੀਂ ਪਾਣੀ ਦੀ ਸਪਲਾਈ ਨਿਰਵਿਘਨ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਟੀਮ ਵੱਲੋਂ ਸਪਲਾਈ ਦੀ ਜਾਂਚ ਕਰਕੇ ਜੋ ਰਿਪੋਰਟ ਦਿੱਤੀ ਗਈ ਹੈ, ਉਸ ਵਿੱਚ ਕੋਈ ਰੁਕਾਵਟ ਦਰਜ ਨਹੀਂ ਹੋਈ।