ਇਥੋਂ ਦੇ ਗੁਰਦੁਆਰਾ ਚਿੱਲਾ ਸਹਿਬ ’ਚ ਅੱਜ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ‘ਜੱਟ ਭਾਈਚਾਰਾ’ ਵੱਲੋਂ ਕਿਸਾਨਾਂ ਨੂੰ ‘ਘਰ ਦੇ ਸਬਜ਼ੀ ਘਰ ਦਾ ਦੁੱਧ’ ਦਾ ਸਲੋਗਨ ਵੀ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਸਬਜ਼ੀਆਂ ਦੇ ਮੁਫ਼ਤ ਬੀਜ ਵੀ ਵੰਡੇ ਗਏ।
ਜੱਟ ਭਾਈਚਰਾ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਬਚਨ ਸਿੰਘ ਢੀਂਡਸਾ ਨੇ ਦੱਸਿਆ ਕਿ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਵੱਲ ਪ੍ਰੇਰਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਕਿਸਾਨਾਂ ਨੂੰ ਘਰ ਦੀ ਸਬਜ਼ੀ ਤੇ ਘਰ ਦੇ ਦੁੱਧ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ’ਚ ਜ਼ਿਆਦਾ ਸਪਰੇਆਂ ਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਕਰਨ ਨਾਲ ਜਿਥੇ ਧਰਤੀ ਦੀ ਗੁਣਵਤਾ ’ਤੇ ਅਸਰ ਪੈ ਰਿਹਾ ਹੈ ਉਥੇ ਹੀ ਮਨੁੱਖਾਂ ’ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ‘ਘਰ ਦੀ ਸਬਜ਼ੀ ਘਰ ਦਾ ਦੁੱਧ’ ਦੇ ਨਾਅਰੇ ਹੇਠ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਹਰ ਕਿਸਾਨ ਨੂੰ ਆਪਣੇ ਖੇਤਾਂ ਵਿੱਚ ਜਾਂ ਘਰ ਵਿੱਚ ਖ਼ਪਤ ਲਈ ਸਬਜ਼ੀਆਂ ਲਾਉਣੀਆਂ ਚਾਹੀਦੀਆਂ ਹਨ, ਅਤੇ ਹਰ ਕਿਸਾਨ ਨੂੰ ਆਪਣੇ ਪਰਿਵਾਰਾਂ ਨੂੰ ਸ਼ੁੱਧ ਦੁੱਧ, ਦਹੀਂ, ਲੱਸੀ ਅਤੇ ਘਿਓ ਪ੍ਰਦਾਨ ਕਰਨ ਲਈ ਘਰ ਵਿੱਚ ਇਕ ਗਾਂ ਜਾਂ ਮੱਝ ਰੱਖਣੀ ਚਾਹੀਦੀ ਹੈ।