ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਗਿਆ ਜਾਗਰੂਕ
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਨੀਰਜ ਸ਼ਰਮਾ ਦੀ ਯੋਗ ਅਗਵਾਈ ਹੇਠ ਬਲਾਕ ਮਮਦੋਟ ਦੇ ਪਿੰਡ ਭੰਬਾ ਹਾਜੀ ਵਿਖੇ ਪਿੰਡ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਇੱਕ ਇਕੱਠ ਕੀਤਾ ਗਿਆ।
ਇਸ ਵਿੱਚ ਸਥਾਨਕ ਕਿਸਾਨਾਂ ਨੇ ਹਾਜ਼ਰੀ ਭਰੀ। ਜਿਸ ਅਧੀਨ ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘਟਣ ਦੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਅਰਪਿੰਦਰ ਕੌਰ, ਗੁਰਮੀਤ ਸਿੰਘ ਏ. ਟੀ. ਐਮ ਮੌਜੂਦ ਸਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਪਰਾਲੀ ਸਾੜਨ ਦੀ ਬਜਾਏ ਵਾਤਾਵਰਣ ਦੇ ਮਿੱਤਰ ਬਨਣ ਦਾ ਸੁਨੇਹਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀ ਕਟਾਈ ਸੁਪਰ ਐੱਸ. ਐੱਮ. ਐੱਸ. ਵਾਲੀ ਮਸ਼ੀਨ ਤੋਂ ਹੀ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਅੱਗੇ ਕਣਕ ਦੇ ਸੀਜਨ ਵਿੱਚ ਬਿਜਾਈ ਦੌਰਾਨ ਕੋਈ ਸਮੱਸਿਆ ਨਾ ਆਵੇ। ਇਸ ਤੋਂ ਹੋਣ ਵਾਲੇ ਧੂੰਏ ਨਾਲ ਵਾਤਾਵਰਨ ਦੇ ਨੁਕਸਾਨ ਅਤੇ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਮਿੱਟੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਜਿਵੇਂ ਕਿ ਮਿੱਟੀ ਵਿੱਚੋਂ ਜ਼ਰੂਰੀ ਖੁਰਾਕੀ ਤੱਤਾਂ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਸਲਫਰ ਅਤੇ ਜੈਵਿਕ ਕਾਰਬਨ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਅਤੇ ਸੂਖਮ ਜੀਵਾਂ ਦੀ ਮਿੱਟੀ ਦੇ ਉਪਜਾਊਪਣ ਵਿੱਚ ਮਹੱਤਤਾ ਤੋਂ ਜਾਣੂ ਕਰਵਾਇਆ। ਕਿਸਾਨਾਂ ਨੂੰ ਸਿਫਾਰਿਸ਼ ਅਨੁਸਾਰ ਸਪਰੇ ਕਰਨ ਦੀ ਸਲਾਹ ਦਿੱਤੀ ਅਤੇ ਕਣਕ ਦੇ ਨਵੇਂ ਸੁਧਰੇ ਬੀਜਾਂ ਬਾਰੇ ਦੱਸਿਆ ਗਿਆ।