ਕਿਸਾਨਾਂ ਨੇ ਖਾਦ ਵਿਕਰੀ ਕੇਂਦਰ ਨੂੰ ਜਿੰਦਰਾ ਲਾਇਆ
ਪਿੰਡ ਜੋਗੀਵਾਲਾ ਦੇ ਪੈਕਸ ਵਿਕਰੀ ਕੇਂਦਰ ਵਿੱਚ ਅੱਜ ਕਿਸਾਨਾਂ ਨੇ ਡੀਏਪੀ ਖਾਦ ਦੇ ਨਾਲ ਟੀਐਸਪੀ ਖਾਦ ਦੇ ਥੈਲੇ ਲੈਣ ਤੋਂ ਇਨਕਾਰ ਕਰਦਿਆਂ ਵਿਰੋਧ ਪ੍ਰਦਰਸ਼ਨ ਕਰਕੇ ਵਿਕਰੀ ਕੇਂਦਰ ਨੂੰ ਤਾਲਾ ਲਗਾ ਦਿੱਤਾ। ਇਸ ਕਾਰਨ ਪੈਕਸ ਦੇ ਸੇਲਜ਼ਮੈਨ ਹਰਪਾਲ ਸਿੰਘ ਖਾਦ ਵੰਡੇ...
ਪਿੰਡ ਜੋਗੀਵਾਲਾ ਦੇ ਪੈਕਸ ਵਿਕਰੀ ਕੇਂਦਰ ਵਿੱਚ ਅੱਜ ਕਿਸਾਨਾਂ ਨੇ ਡੀਏਪੀ ਖਾਦ ਦੇ ਨਾਲ ਟੀਐਸਪੀ ਖਾਦ ਦੇ ਥੈਲੇ ਲੈਣ ਤੋਂ ਇਨਕਾਰ ਕਰਦਿਆਂ ਵਿਰੋਧ ਪ੍ਰਦਰਸ਼ਨ ਕਰਕੇ ਵਿਕਰੀ ਕੇਂਦਰ ਨੂੰ ਤਾਲਾ ਲਗਾ ਦਿੱਤਾ। ਇਸ ਕਾਰਨ ਪੈਕਸ ਦੇ ਸੇਲਜ਼ਮੈਨ ਹਰਪਾਲ ਸਿੰਘ ਖਾਦ ਵੰਡੇ ਬਿਨਾਂ ਵਾਪਸ ਚਲੇ ਗਏ। ਕਿਸਾਨਾਂ ਛੋਟੂ ਰਾਮ, ਕ੍ਰਿਸ਼ਨ ਬੈਨੀਵਾਲ, ਸੁਰਿੰਦਰ ਸਿੰਘ, ਓਮ ਪ੍ਰਕਾਸ਼, ਜੈਵੀਰ, ਪ੍ਰਕਾਸ਼, ਰਾਜਾਰਾਮ, ਸੁਭਾਸ਼, ਜਗਦੀਸ਼ ਅਤੇ ਬਹਾਦਰ ਸਿੰਘ ਨੇ ਕਿਹਾ ਕਿ ਉਹ ਜੋਗੀਵਾਲਾ ਪਿੰਡ ਵਿੱਚ 500 ਥੈਲੇ ਡੀਏਪੀ ਖਾਦ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਵਿਕਰੀ ਕੇਂਦਰ ਪਹੁੰਚੇ ਸਨ। ਪੈਕਸ ਕਰਮਚਾਰੀਆਂ ਨੇ ਕਿਸਾਨਾਂ ਨੂੰ ਡੀਏਪੀ ਦੇ ਦੋ ਥੈਲਿਆਂ ਨਾਲ ਇੱਕ ਥੈਲਾ ਟੀਐੱਸਪੀ ਖਾਦ ਦਾ ਲੈਣ ਲਈ ਆਖਿਆ ਤਾਂ ਕਿਸਾਨਾਂ ਨੇ ਨਾਂਹ ਕਰ ਦਿੱਤੀ। ਰੋਹ ਵਿੱਚ ਆਏ ਕਿਸਾਨਾਂ ਨੇ ਵਿਕਰੀ ਕੇਂਦਰ ਨੂੰ ਤਾਲਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੱਸਿਆ ਕਿ ਡੀਏਪੀ ਖਾਦ ਦਾ ਥੈਲਾ 1350 ਰੁਪਏ ਅਤੇ ਟੀਐਸਪੀ ਖਾਦ ਦਾ ਥੈਲਾ 1300 ਰੁਪਏ ਵਿੱਚ ਵਿਕ ਰਿਹਾ ਹੈ ਪਰ ਉਨ੍ਹਾਂ ਕੋਲ ਡੀਏਪੀ ਖਾਦ ਖਰੀਦਣ ਲਈ ਹੀ ਪੈਸੇ ਹਨ। ਕਾਗਦਾਨਾ ਪੈਕਸ ਦੇ ਮੈਨੇਜਰ ਸਤਬੀਰ ਸਿੰਘ ਨੇ ਕਿਹਾ ਕਿ ਹੈਫੈੱਡ ਵੱਲੋਂ 500 ਥੈਲੇ ਡੀਏਪੀ ਅਤੇ 250 ਥੈਲੇ ਟੀਐਸਪੀ ਖਾਦ ਪਿੰਡ ਜੋਗੀਵਾਲਾ ਦੇ ਪੈਕਸ ਕੇਂਦਰ ਵਿੱਚ ਭੇਜੇ ਗਏ ਹਨ ਅਤੇ ਉਨ੍ਹਾਂ ਨੂੰ ਦੋ ਡੀਏਪੀ ਖਾਦ ਦੇ ਥੈਲਿਆਂ ਨਾਲ ਇੱਕ ਥੈਲਾ ਟੀਐਸਪੀ ਖਾਦ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਖਾਦ ਵੰਡਣ ਦਾ ਕੰਮ ਉੱਚ ਅਧਿਕਾਰੀਆਂ ਦੇ ਆਦੇਸ਼ ਅਤੇ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਹੀ ਸ਼ੁਰੂ ਕੀਤਾ ਜਾਵੇਗਾ।