ਪਿੰਡਾਂ ’ਚ ਸਰਕਾਰ ਖ਼ਿਲਾਫ਼ ਕਿਸਾਨਾਂ ਦੀ ਲਾਮਬੰਦੀ
ਜਥੇਬੰਦੀ ਨੇ ਤਿੰਨ ਪਿੰਡਾਂ ’ਚ ਰੋਸ ਰੈਲੀਆਂ ਕੀਤੀਆਂ; ਮਾਡ਼ੇ ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸਨ ਨੂੰ ਕੋਸਿਆ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਝੋਨੇ ਦੀ ਪਰਾਲੀ ਦੇ ਮਾੜੇ ਪ੍ਰਬੰਧਨ ਖਿਲਾਫ਼ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ, ਪੈਰੋਂ ਅਤੇ ਮੋਫ਼ਰ ਵਿੱਚ ਰੋਸ ਰੈਲੀਆਂ ਕੀਤੀਆਂ ਗਈਆਂ। ਕਿਸਾਨਾਂ ਵੱਲੋਂ ਪਰਾਲੀ ਨੂੰ ਸਮੇਟਣ ਦੇ ਸਰਕਾਰ ਦੇ ਨਿਗੂਣੇ ਪ੍ਰਬੰਧ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਰਕਾਰ ਦੇ ਹਰ ਪੱਖ ਤੋਂ ਫੇਲ੍ਹ ਹੋਣ ਦੀ ਗੱਲ ਕਹੀ।
ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਵੇਂ ਸਰਕਾਰ ਇਸ਼ਤਿਹਾਰਾਂ ਵਿੱਚ ਪਰਾਲੀ ਪ੍ਰਬੰਧਨ ਲਈ 500 ਕਰੋੜ ਖਰਚਣ ਦੀ ਗੱਲ ਕਰ ਰਹੀ ਹੈਠ ਪਰ ਜ਼ਿਲ੍ਹੇ ਦੇ 242 ਪਿੰਡਾਂ ਵਿੱਚ ਤਕਰੀਬਨ 150 ਦੇ ਕਰੀਬ ਬੇਲਰ ਹੀ ਉਪਲਬੱਧ ਹਨ। ਉਨ੍ਹਾਂ ਕਿਹਾ ਕਿ ਬੇਲਰਾਂ ਦੀ ਵੱਡੀ ਘਾਟ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚੋਂ ਪਰਾਲੀ ਸਮੇਟਣ ਵਿੱਚ ਦਰਪੇਸ਼ ਮੁਸ਼ਕਲਾਂ ਆ ਰਹੀਆਂ ਹਨ, ਪਰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਹੀ ਮੁਲਜ਼ਮ ਬਣਾ ਕੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ 15 ਨਵੰਬਰ ਤੱਕ ਦਾ ਸਮਾਂ ਹੀ ਉਚਿੱਤ ਹੈ, ਪਰ ਖੇਤਾਂ ਵਿੱਚ ਪਰਾਲੀ ਵਿਛੀ ਹੋਣ ਕਾਰਨ ਕਿਸਾਨ ਬੇਚੈਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਬਿਜਾਈ ਦੀ ਲੋੜ ਨੂੰ ਮੁੱਖ ਰੱਖਦਿਆਂ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਬੇਵੱਸ ਕਿਸਾਨਾਂ ’ਤੇ ਕੋਈ ਜ਼ੋਰ ਜਬਰੀ ਕੀਤੀ ਜਾਂਦੀ ਹੈ ਤਾਂ ਜਥੇਬੰਦੀ ਤਿੱਖੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਬਲਜੀਤ ਸਿੰਘ ਭੈਣੀਬਾਘਾ, ਸੁਖਦੇਵ ਸਿੰਘ, ਲੀਲਾ ਸਿੰਘ ਮੂਸਾ, ਬਿੰਦਰ ਸਿੰਘ, ਹਰਦੀਪ ਸਿੰਘ, ਰਜਿੰਦਰ ਸਿੰਘ ਪੇਰੋਂ, ਬਲਜਿੰਦਰ ਸਿੰਘ, ਬਹਾਲ ਸਿੰਘ ਤੇ ਜਸਵੀਰ ਸਿੰਘ ਮੋਫਰ ਵੀ ਮੌਜੂਦ ਸਨ।

