ਕਸਬਾ ਸ਼ਹਿਣਾ ਇਲਾਕੇ ’ਚ ਡੀਏਪੀ ਖਾਦ ਦੀ ਕਿੱਲਤ ਕਾਰਨ ਕਿਸਾਨ ਪ੍ਰੇਸ਼ਾਨ ਹਨ। ਦੂਸਰੇ ਪਾਸੇ ਕੁਝ ਗੁਦਾਮਾਂ ’ਚ ਵੱਡੀ ਪੱਧਰ ’ਤੇ ਡੀਏਪੀ ਸਟੋਰ ਹੋ ਗਿਆ ਹੈ। ਕਿਸਾਨ ਗੋਰਾ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਡੀਏਪੀ ਖਾਦ ਦੀ ਕਿੱਲਤ ਕਾਰਨ ਮੋਟੇ ਭਾਅ ’ਤੇ ਵੇਚਿਆ ਜਾ ਰਿਹਾ ਹੈ। ਕਿਸਾਨ ਮੱਘਰ ਸਿੰਘ ਨੇ ਕਿਹਾ ਕਿ ਖੇਤੀ ਲਈ ਇਹ ਖਾਦ ਬਹੁਤ ਹੀ ਜ਼ਰੂਰੀ ਹੈ। ਜੇਕਰ ਖਾਦ ਸਮੇਂ ਸਿਰ ਨਹੀਂ ਮਿਲਦੀ ਤਾਂ ਫਸਲ ਦੀ ਪੈਦਾਵਾਰ ’ਤੇ ਮਾਰੂ ਅਸਰ ਪੈ ਸਕਦਾ ਹੈ।
ਕਿਸਾਨ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਹਰ ਸਾਲ ਖਾਦ ਦੀ ਅਖੌਤੀ ਥੁੜ੍ਹ ਪਾ ਕੇ ਲੁੱਟ ਕੀਤੀ ਜਾਂਦੀ ਹੈ। ਖੇਤੀਬਾੜੀ ਵਿਭਾਗ ਦੀ ਚੈਕਿੰਗ ਸਿਰਫ਼ ਦਿਖਾਵਾ ਹੁੰਦੀ ਹੈ। ਦੂਸਰੇ ਪਾਸੇ ਸਹਿਕਾਰੀ ਸਭਾ ਸ਼ਹਿਣਾ ਕੋਲ 2600 ਗੱਟਾ ਡੀਏਪੀ ਆਇਆ ਹੈ। ਸਹਿਕਾਰੀ ਸਭਾ ਕਿਸਾਨਾਂ ਦੇ ਹੱਦ ਕਰਜ਼ੇ ਅਨੁਸਾਰ ਖਾਦ ਦੀ ਵੰਡ ਕਰ ਰਿਹਾ ਹੈ ਅਤੇ 350 ਦੇ ਕਰੀਬ ਖਾਦ ਦੇ ਗੱਟੇ ਕਿਸਾਨਾਂ ਨੂੰ ਵੰਡੇ ਗਏ ਹਨ। ਕਿਸਾਨਾਂ ਨੇ ਡੀਏਪੀ ਖਾਦ ਦੀ ਸਪਲਾਈ ਯਕੀਨੀ ਬਣਾਉਣ, ਖਾਦ ਨਾਲ ਹੋਰ ਵਸਤਾਂ ਜਬਰੀ ਦੇਣ ਨੂੰ ਨੱਥ ਪਾਉਣ ਅਤੇ ਕਾਲਾ ਬਾਜਾਰੀ ਰੋਕਣ ਦੀ ਮੰਗ ਕੀਤੀ ਹੈ।