ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਮੱਲਾਂਵਾਲਾ ਦੇ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ, ਮੀਤ ਪ੍ਰਧਾਨ ਮੱਸਾ ਸਿੰਘ ਦੀ ਅਗਵਾਈ ਵਿੱਚ 25 ਪਿੰਡਾਂ ਤੋ ਆਏ ਕਿਸਾਨਾਂ ਨੇ ਪਿੰਡ ਆਸਿਫ ਵਾਲਾ 'ਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਪਹੁੰਚੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿ ਪਰਾਲੀ ਨੂੰ ਅੱਗ ਲਾਉਣਾ ਉਨ੍ਹਾਂ ਦਾ ਸ਼ੌਕ ਨਹੀਂ, ਮਜਬੂਰੀ ਹੈ। ਉਹ ਪਰਾਲੀ ਦੀ ਸਾਂਭ ਸੰਭਾਲ ਲਈ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਤੋਂ 7 ਹਜ਼ਾਰ ਰੁਪਏ ਪ੍ਰਤੀ ਏਕੜ ਬੋਨਸ ਦੀ ਮੰਗ ਕਰ ਰਹੇ ਹਨ ਪਰ ਸਰਕਾਰਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਕਿਸਾਨਾਂ ਨੇ ਕਿਹਾ ਕਿ ਫਸਲ ਦਾ ਰੇਟ ਘੱਟ ਹੋਣ ਕਰਕੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ ਹੈ, ਇਸ ਲਈ ਉਸ ਨੂੰ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ। ਉਕਤ ਆਗੂਆਂ ਕਿਹਾ ਕਿ ਅਚਾਨਕ ਆਏ ਹੜ੍ਹਾਂ ਦੇ ਪਾਣੀ ਨੇ 5 ਲੱਖ ਏਕੜ ਫ਼ਸਲ ਨਸ਼ਟ ਕਰ ਦਿੱਤੀ ਹੈ ਅਤੇ ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਫ਼ਸਲ ਦਾ ਝਾੜ ਵੀ ਬਹੁਤ ਘੱਟ ਹੈ। ਉਕਤ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਡੀ ਏ ਪੀ ਖਾਦ ਲੈਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ ਅਤੇ ਦੁਕਾਨਦਾਰ ਖਾਦ ਨਾਲ ਬੇ ਲੋੜਾ ਸਾਮਾਨ ਦੇ ਕੇ ਕਿਸਾਨਾਂ ’ਤੇ ਬੋਝ ਪਾ ਰਹੇ ਹਨ। ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਨੇ ਮੱਲਾਂਵਾਲਾ ਅਤੇ ਆਸ ਪਾਸ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ।
ਕਿਸਾਨ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੇ ਮਸਲਿਆਂ ਦਾ ਹੱਲ ਜਲਦੀ ਕੀਤਾ ਜਾਵੇ ਅਤੇ ਜੇਕਰ ਪ੍ਰਸ਼ਾਸਨ ਨੇ ਕਿਸੇ ਕਿਸਾਨ ਤੇ ਪਰਾਲੀ ਸਾੜਨ ਦਾ ਪਰਚਾ ਕੀਤਾ ਜਾਂ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਤਾਂ ਜਥੇਬੰਦੀ ਤਿਖਾ ਸੰਘਰਸ਼ ਕਰੇਗੀ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਰਣਜੀਤ ਸਿੰਘ, ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ, ਜ਼ਿਲ੍ਹਾ ਆਗੂ ਹਰਫੂਲ ਸਿੰਘ, ਬਚਿੱਤਰ ਸਿੰਘ, ਸਲਵਿੰਦਰ ਸਿੰਘ, ਸਾਹਿਬ ਸਿੰਘ, ਗੁਰਮੁੱਖ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।