ਚਾਰ ਸਾਲ ਤੋਂ ਕੱਚੀ ਮੰਡੀ ਕਾਰਨ ਕਿਸਾਨ ਪ੍ਰੇਸ਼ਾਨ
ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਬੁਰਜ ਮਹਿਮਾ ਵਿੱਚ ਬਣੀ ਅਨਾਜ ਮੰਡੀ ਮਨਜ਼ੂਰ ਹੋਏ ਚਾਰ ਸਾਲ ਬੀਤ ਚੁੱਕੇ ਹਨ, ਪਰ ਅੱਜ ਤੱਕ ਮੰਡੀ ਪੱਕੀ ਨਾ ਹੋਣ ਕਰਕੇ ਕਿਸਾਨ ਹਰ ਸੀਜ਼ਨ ਵਿੱਚ ਧੂੜ ਤੇ ਮਿੱਟੀ ਨਾਲ ਜੂਝਣ ਲਈ ਮਜਬੂਰ ਹਨ।...
ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਬੁਰਜ ਮਹਿਮਾ ਵਿੱਚ ਬਣੀ ਅਨਾਜ ਮੰਡੀ ਮਨਜ਼ੂਰ ਹੋਏ ਚਾਰ ਸਾਲ ਬੀਤ ਚੁੱਕੇ ਹਨ, ਪਰ ਅੱਜ ਤੱਕ ਮੰਡੀ ਪੱਕੀ ਨਾ ਹੋਣ ਕਰਕੇ ਕਿਸਾਨ ਹਰ ਸੀਜ਼ਨ ਵਿੱਚ ਧੂੜ ਤੇ ਮਿੱਟੀ ਨਾਲ ਜੂਝਣ ਲਈ ਮਜਬੂਰ ਹਨ। ਪਿੰਡ ਦੇ ਕਿਸਾਨਾਂ ਨੂੰ ਕੱਚੇ ਖੁੱਲ੍ਹੇ ਮੈਦਾਨ ’ਤੇ ਝੋਨਾ ਸੁੱਟਣ ਕਾਰਨ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਕਈ ਵਾਰ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲ ਕੇ ਮੰਡੀ ਪੱਕੀ ਕਰਨ ਦੀ ਮੰਗ ਕਰ ਚੁੱਕੇ ਹਨ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮੰਡੀ ਵਿੱਚ ਝੋਨੇ ਦੀਆਂ ਢੇਰੀਆਂ ਕੋਲ ਬੈਠੇ ਕਿਸਾਨ ਗੁਰਲਾਲ ਸਿੰਘ, ਕੁਲਦੀਪ ਸਿੰਘ ਤੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕੱਚੀ ਮੰਡੀ ਹੋਣ ਕਰਕੇ ਝੋਨੇ ’ਤੇ ਧੂੜ ਜਮ ਜਾਂਦੀ ਹੈ, ਜਿਸ ਨਾਲ ਜਿਣਸ ਦੀ ਗੁਣਵੱਤਾ ਘਟ ਜਾਂਦੀ ਹੈ। ਬਾਰਸ਼ ਪੈਣ ’ਤੇ ਦਾਣੇ ਕਾਲੇ ਪੈ ਜਾਂਦੇ ਹਨ ਅਤੇ ਫ਼ਸਲ ਘੱਟ ਭਾਅ ’ਤੇ ਵੇਚਣੀ ਪੈਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਬੋਰਡ ਵੱਲੋਂ ਤੀਜੇ ਸੀਜ਼ਨ ਤੋਂ ਪਹਿਲਾਂ ਇਸ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਅੱਠਵਾਂ ਸੀਜ਼ਨ ਚੱਲ ਰਿਹਾ ਹੈ ਤੇ ਮੰਡੀ ਵਿੱਚ ਅਜੇ ਤੱਕ ਇਕ ਇੱਟ ਵੀ ਨਹੀਂ ਲੱਗੀ। ਪੱਕੇ ਫਰਸ਼, ਨਿਕਾਸੀ ਪ੍ਰਬੰਧ ਅਤੇ ਛਾਂ ਦੀ ਘਾਟ ਕਾਰਨ ਫ਼ਸਲ ਦੀ ਸੰਭਾਲ ਬਹੁਤ ਮੁਸ਼ਕਲ ਹੋ ਜਾਂਦੀ ਹੈ। ਆੜ੍ਹਤੀਆ ਮਨੀਸ਼ ਕੁਮਾਰ (ਗਿੱਦੜਬਾਹਾ) ਨੇ ਦੱਸਿਆ ਕਿ ਭਾਵੇਂ ਕਮਿਸ਼ਨ ਏਜੰਟ ਆਪਣੇ ਵੱਲੋਂ ਤਰਪਾਲਾਂ ਦਾ ਪ੍ਰਬੰਧ ਕਰਦੇ ਹਨ, ਪਰ ਕੱਚੀ ਮੰਡੀ ਹੋਣ ਕਰਕੇ ਬਾਰਸ਼ ਦਾ ਪਾਣੀ ਜਿਣਸ ਵਿੱਚ ਵੜ ਜਾਂਦਾ ਹੈ।
ਫਾਈਲ ਚੰਡੀਗੜ੍ਹ ਭੇਜੀ ਗਈ ਹੈ: ਗਰਗ
ਕਿਸਾਨਾਂ ਨੇ ਮੰਡੀ ਨੂੰ ਜਲਦ ਤੋਂ ਜਲਦ ਪੱਕਾ ਕਰਨ ਦੀ ਮੰਗ ਕੀਤੀ ਹੈ। ਜ਼ਿਲ੍ਹਾ ਮੰਡੀ ਅਫਸਰ ਗੌਰਵ ਗਰਗ ਨੇ ਕਿਹਾ ਕਿ ਮੰਡੀ ਬੋਰਡ ਕੋਲ ਫੰਡ ਨਾ ਹੋਣ ਕਾਰਨ ਸਬੰਧਤ ਜਿਣਸ ਕੇਂਦਰ ਦੀ ਫਾਈਲ ਚੰਡੀਗੜ੍ਹ ਭੇਜੀ ਗਈ ਹੈ।