ਕਿਸਾਨਾਂ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਘੱਲ ਖ਼ੁਰਦ ਦੀ ਬੈਠਕ ਪਿੰਡ ਫ਼ਿਰੋਜ਼ਸ਼ਾਹ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਬਲਾਕ ਪ੍ਰਧਾਨ ਮਹਿੰਦਰ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਜਸਕਰਨ ਸਿੰਘ ਦੀ ਹਾਜ਼ਰੀ ਵਿੱਚ ਹੋਈ। ਬੈਠਕ ਵਿੱਚ ਮੌਜੂਦਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ, 2026 ਤੱਕ ਪੰਜਾਬ ਵਿੱਚ ਲਾਏ ਜਾਣੇ ਚਿੱਪ ਵਾਲੇ ਮੀਟਰਾਂ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹੋਰ ਭਖਦੇ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ।
ਲੈਂਡ ਪੂਲਿੰਗ ਨੀਤੀ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਘੱਲ ਖ਼ੁਰਦ ਦੇ ਸਤੀਏ ਵਾਲਾ, ਮੋਹਕਮ ਖਾਂ ਵਾਲਾ ਅਤੇ ਦਸਤੂਲ ਸਾਹਿਬ ਵਾਲਾ ਪਿੰਡਾਂ ਦੀ 313 ਏਕੜ ਜ਼ਮੀਨ ਨੂੰ ਵੀ ਐਕੁਆਇਰ ਕੀਤਾ ਜਾਣਾ ਹੈ। ਇਸ ਦੌਰਾਨ ਫ਼ੈਸਲਾ ਹੋਇਆ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਲਾਲਚ ਤੋਂ ਬਚਣ ਅਤੇ ਆਪਣੀ ਜ਼ਮੀਨ ਨਾ ਦੇਣ ਬਾਰੇ ਲਾਮਬੰਦ ਕੀਤਾ ਜਾਵੇ। ਸਰਕਾਰ ਕਿਸਾਨਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਕਰਦੀ ਹੈ ਤਾਂ ਜਥੇਬੰਦੀ ਉਸ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ। ਇਸ ਮੌਕੇ ਵਿੱਤ ਸਕੱਤਰ ਗੁਰਦਿਆਲ ਸਿੰਘ, ਸਲਾਹਕਾਰ ਰਾਜਬੀਰ ਸਿੰਘ, ਹਰਪ੍ਰੀਤ ਸਿੰਘ ਗਿੱਲ, ਬਲਜਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਗਿੱਲ, ਸੁਖਦੀਪ ਸਿੰਘ, ਬਲਜਿੰਦਰ ਸਿੰਘ ਬਰਾੜ ਅਤੇ ਗੁਰਜੋਤ ਸਿੰਘ ਕੰਗ ਵੀ ਹਾਜ਼ਰ ਸਨ।