ਕਿਸਾਨਾਂ ਨੇ ਬਿਜਲੀ ਸੋਧ ਬਿੱਲ ਖ਼ਿਲਾਫ਼ ਰੇਲਾਂ ਰੋਕੀਆਂ
ਫ਼ਿਰੋਜ਼ਪੁਰ ਵਿੱਚ ਪੁਲੀਸ ਰੋਕਾਂ ਦੇ ਬਾਵਜੂਦ ਰੇਲਵੇ ਪੱਟਡ਼ੀਆਂ ਤੱਕ ਪੁੱਜੇ ਕਿਸਾਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਇੰਦਰਜੀਤ ਸਿੰਘ ਤੇ ਗੁਰਮੇਲ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਨੇ ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਰੇਲਾਂ ਦਾ ਚੱਕਾ ਜਾਮ ਕੀਤਾ। ਪੁਲੀਸ ਨੇ ਕੱਲ੍ਹ ਸ਼ਾਮ ਤੋਂ ਹੀ ਜਥੇਬੰਦੀ ਦੇ ਆਗੂਆਂ ਦੇ ਘਰਾਂ ਵਿੱਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਅੱਜ ਰੇਲਵੇ ਪੱਟੜੀਆਂ ਜਾਮ ਕਰਨ ਸਮੇਂ ਕਿਸਾਨਾਂ-ਮਜ਼ਦੂਰਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਇਸ ਦੌਰਾਨ ਕਈ ਕਿਸਾਨ ਆਗੂਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਫਿਰ ਵੀ ਵੱਡੀ ਗਿਣਤੀ ਕਿਸਾਨ ਮਜ਼ਦੂਰ ਰੇਲਾਂ ਦਾ ਚੱਕਾ ਜਾਮ ਕਰਨ ਵਿੱਚ ਕਾਮਯਾਬ ਰਹੇ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਦਾ ਨਿੱਜੀਕਰਨ ਕਰਨ ਜਾ ਰਹੀ ਹੈ ਅਤੇ ਬਿਜਲੀ ਸੋਧ ਬਿੱਲ 2025 ਦਾ ਖਰੜਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਰਾਜਾਂ ਦਾ ਵਿਸ਼ਾ ਹੈ ਪਰ ਪੰਜਾਬ ਸਰਕਾਰ ਨੇ ਇਸ ’ਤੇ ਵੱਟੀ ਹੋਈ ਹੈ। ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਦਬਾਅ ਵਿੱਚੋਂ ਬਾਹਰ ਆਵੇ ਅਤੇ ਵਿਧਾਨ ਸਭਾ ਵਿੱਚ ਸੈਸ਼ਨ ਸੱਦ ਕੇ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਕੇਂਦਰ ਵੱਲੋਂ ਭੇਜੇ ਬਿਜਲੀ ਸੋਧ ਬਿੱਲ-2025 ਨੂੰ ਤੁਰੰਤ ਰੱਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਪ੍ਰਾਈਵੇਟ ਹਥਾਂ ਵਿੱਚ ਜਾਂਦੀ ਹੈ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਅਤੇ ਲੋਕਾਂ ਦੀਆਂ ਜੇਬਾਂ ’ਤੇ ਵੱਡਾ ਡਾਕਾ ਹੋਵੇਗਾ। ਇਸ ਮੌਕੇ ਕਿਸਾਨ ਆਗੂ ਨਰਿੰਦਰਪਾਲ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਰਛਪਾਲ ਸਿੰਘ ਗੱਟਾ, ਮੰਗਲ ਸਿੰਘ, ਮੱਖਣ ਸਿੰਘ ਵਾੜਾ ਜਵਾਹਰ ਸਿੰਘ, ਗੁਰਦਿਆਲ ਸਿੰਘ, ਸਲਵਿੰਦਰ ਸਿੰਘ ਕੇਵਲ ਸਿੰਘ ਆਦਿ ਆਗੂ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦੋ ਘੰਟਿਆਂ ਦੇ ਰੇਲ ਰੋਕੋ ਅੰਦੋਲਨ ਦੌਰਾਨ ਪੰਜਾਬ ਪੁਲੀਸ ਵੱਲੋਂ ਵੱਡੀ ਪੱਧਰ ’ਤੇ ਕਿਸਾਨਾਂ ਨੂੰ ਰੇਲਵੇ ਲਾਈਨਾਂ ’ਤੇ ਜਾਣ ਤੋਂ ਰੋਕੀ ਰੱਖਿਆ। ਪੁਲੀਸ ਨੇ ਦਰਜਨਾਂ ਕਿਸਾਨਾਂ ਨੂੰ ਦਿਨ ਚੜ੍ਹਦਿਆਂ ਘਰਾਂ ’ਚੋਂ ਹਿਰਾਸਤ ਵਿੱਚ ਲਿਆ ਗਿਆ। ਮਾਲਵਾ ਖੇਤਰ ਵਿੱਚ ਕਈ ਥਾਵਾਂ ਉਪਰ ਕਿਸਾਨਾਂ ਨੇ ਪੁਲੀਸ ਵੱਲੋਂ ਰੋਕਣ ਕਾਰਨ ਸੜਕਾਂ ਉੱਤੇ ਧਰਨੇ ਲਾਏ। ਕਿਸਾਨਾਂ ਵੱਲੋਂ ਇਹ ਰੇਲਾਂ ਬਿਜਲੀ ਸੋਧ ਬਿਲ ਖ਼ਿਲਾਫ਼ ਰੋਕੀਆਂ ਜਾਣੀਆਂ ਸਨ ਅਤੇ ਕਿਸਾਨ ਇਸ ਬਿਲ ਨੂੰ ਰੱਦ ਕਰਨ ਪ੍ਰੀਪੇਡ ਮੀਟਰ ਉਤਾਰਕੇ ਪੁਰਾਣੇ ਮੀਟਰ ਲਾਉਣ, ਸਰਕਾਰ ਵੱਲੋਂ ਜਨਤਕ ਜਾਇਦਾਦਾਂ ਜਬਰੀ ਵੇਚਣ ਦਾ ਵਿਰੋਧ ਕਰ ਰਹੇ ਸਨ। ਮਾਨਸਾ ਵਿੱਚ ਭਾਵੇਂ ਅੱਜ ਪੁਲੀਸ ਦੇ ਨਾਕਿਆਂ ਕਾਰਨ ਕੋਈ ਕਿਸਾਨ ਆਗੂ ਰੇਲਵੇ ਲਾਈਨ ਤੱਕ ਨਾ ਪਹੁੰਚ ਸਕਿਆ ਪਰ ਇਕੱਠ ਹੋਏ ਕਿਸਾਨ ਆਗੂਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਅਜ਼ਾਦ) ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਹੇਠ ਪਿੰਡ ਠੂਠਿਆਂਵਾਲੀ ਵਿੱਚ ਧਰਨਾ ਲਾਇਆ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਅਜ਼ਾਦ) ਦੇ ਸੂਬਾ ਆਗੂ ਜਗਦੇਵ ਸਿੰਘ ਭੈਣੀਬਾਘਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਜਿੰਨਾ ਮਰਜ਼ੀ ਸਰਕਾਰ ਪੁਲੀਸ ਬਲ ਨਾਲ ਡੱਕ ਲਵੇ ਪਰ ਹੱਕੀ ਮੰਗਾਂ ਲਾਗੂ ਕਰਵਾਏ ਬਿਨਾਂ ਟਿਕ ਕੇ ਨਹੀਂ ਬੈਠਣਗੇ।
ਲਹਿਰਾ ਮੁਹੱਬਤ ਸਟੇਸ਼ਨ ’ਤੇ ਧਰਨਾ ਦਿੰਦੇ ਕਿਸਾਨ ਹਿਰਾਸਤ ਵਿੱਚ ਲਏ
ਭੁੱਚੋ ਮੰਡੀ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਸੋਧ ਬਿੱਲ-2025 ਖ਼ਿਲਾਫ਼ ਅੱਜ ਦੁਪਹਿਰ ਦੇ 1 ਵਜੇ ਤੋਂ 3 ਵਜੇ ਤੱਕ ਰੇਲਵੇ ਸਟੇਸ਼ਨਾਂ ’ਤੇ ਰੇਲਾਂ ਰੋਕਣ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਪੁਲੀਸ ਚੌਕਸੀ ਦੇ ਬਾਵਜੂਦ ਲਹਿਰਾ ਮੁਹੱਬਤ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ ਗਿਆ ਅਤੇ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਬਾਰੇ ਪੁਲੀਸ ਪ੍ਰਸ਼ਾਸਨ ਨੂੰ ਭਿਣਕ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਪੁਲੀਸ ਲਹਿਰਾ ਮੁਹੱਬਤ ਦੇ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਣਿਆਂ ਵਿੱਚ ਭੇਜ ਦਿੱਤਾ ਅਤੇ ਤਿੰਨ ਵਜੇ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਬੀ ਕੇ ਯੂ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਢਿੱਲੋਂ, ਮੀਤ ਪ੍ਰਧਾਨ ਗੋਰਾ ਸਿੰਘ ਡਿੱਖ, ਜ਼ਿਲ੍ਹਾ ਖਜ਼ਾਨਚੀ ਕਰਮਜੀਤ ਸਿੰਘ ਜੇਈ, ਕੁਲਜਿੰਦਰ ਕਿੰਦਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲਖਵੀਰ ਸਿੰਘ ਨੇ ਕਿਹਾ ਕਿ ਇਸ ਰੇਲ ਰੋਕੋ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਪੁਲੀਸ ਨੇ ਵੱਡੇ ਤੜਕੇ ਕਿਸਾਨ ਅਤੇ ਮਜ਼ਦੂਰ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਸੀ ਪਰ ਕੋਈ ਵੀ ਆਗੂ ਪੁਲੀਸ ਦੇ ਹੱਥ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਮਪੁਰਾ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਦੇਣਾ ਸੀ, ਪਰ ਭਾਰੀ ਪੁਲੀਸ ਫੋਰਸ ਕਾਰਨ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਬਦਲਦਿਆਂ ਪੁਲੀਸ ਨੂੰ ਝਕਾਨੀ ਦੇ ਕੇ ਲਹਿਰਾ ਮੁਹੱਬਤ ਵਿੱਚ ਲਾਈਨਾਂ ’ਤੇ ਧਰਨਾ ਦੇ ਦਿੱਤਾ। ਇਹ ਧਰਨਾ ਕਰੀਬ 35 ਮਿੰਟ ਚੱਲਿਆ। ਉਸ ਤੋਂ ਬਾਅਦ ਪੁਲੀਸ ਨੇ ਧੱਕੇ ਨਾਲ ਲਾਈਨਾਂ ਤੋਂ ਉਠਾ ਕੇ ਧਰਨਾਕਾਰੀਆਂ ਨੂੰ ਵੱਢ ਵੱਖ ਥਾਣਿਆਂ ਵਿੱਚ ਭੇਜ ਦਿੱਤਾ ਅਤੇ ਸੰਘਰਸ਼ ਦਾ ਸਮਾਂ ਲੰਘਣ ਮਗਰੋਂ ਰਿਹਾ ਕਰ ਦਿੱਤਾ।

