ਮਾਨਸਾ ਜ਼ਿਲ੍ਹੇ ਦੇ ਸੱਤ ਪਿੰਡਾਂ ਦੇ ਖੇਤਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਕਿਸਾਨ ਬਹੁਤ ਪ੍ਰੇਸ਼ਾਨ ਹਨ। ਇਨ੍ਹਾਂ ਸੱਤ ਪਿੰਡਾਂ ਵਿੱਚ ਉੱਡਤ ਭਗਤ ਰਾਮ, ਦੂਲੋਵਾਲ, ਨੰਗਲ, ਰਮਦਿੱਤੇਵਾਲਾ, ਗੇਹਲੇ ਤੇ ਘਰਾਂਗਣਾ ਸ਼ਾਮਲ ਹਨ। ਸੀਪੀਆਈ ਨੇ ਇਨ੍ਹਾਂ ਚੋਰੀਆਂ ਨੂੰ ਲੈ ਕੇ ਪੁਲੀਸ ਨੂੰ ਕੋਸਦਿਆਂ ਕਿਹਾ ਕਿ ਵਾਰ-ਵਾਰ ਲੋਕਾਂ ਵੱਲੋਂ ਪੁਲੀਸ ਥਾਣਿਆਂ ਵਿੱਚ ਮਾਮਲੇ ਦਰਜ ਕਰਵਾਉਣ ਦੇ ਬਾਵਜੂਦ ਵੀ ਅੱਜ ਤੱਕ ਕਿਸੇ ਚੋਰ ਗਰੋਹ ਨੂੰ ਨਹੀਂ ਫੜਿਆ ਗਿਆ, ਜਿਸ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹਨ।
ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਦੱਸਿਆ ਕਿ ਖੇਤਾਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ, ਸਟਾਟਰ ਲਗਾਤਾਰ ਚੋਰੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇੜੀ ਅਨਸਰ ਸ਼ਰੇਆਮ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਪਿੰਡਾਂ ’ਚੋਂ ਸੈਂਕੜੇ ਮੋਟਰਾਂ ਤੋਂ ਤਾਰਾਂ ਤੇ ਸਟਾਟਰ ਚੋਰੀ ਕਰ ਚੁੱਕੇ ਹਨ ਅਤੇ ਸ਼ਰੇਆਮ ਰਾਤ ਨੂੰ ਗੈਂਗ ਬਣਾਕੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਦਿਨੋ-ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਮਾਨਸਾ ਦੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਲੀਸ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਲੈਕੇ ਮਿਲੀਆਂ ਰਿਪੋਰਟਾਂ ਤੋਂ ਬਾਅਦ ਲਗਾਤਾਰ ਰਾਤਾਂ ਨੂੰ ਗਸ਼ਤ ਕਰ ਰਹੀ ਹੈ, ਪਰ ਪੁਲੀਸ ਵੱਲੋਂ ਛੇਤੀ ਹੀ ਅਜਿਹੀਆਂ ਚੋਰੀਆਂ ਕਰਨ ਵਾਲਿਆਂ ਕਾਬੂ ਕਰ ਲਿਆ ਜਾਵੇਗਾ।