ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ ਡੀ ਏ ਪੀ ਖਾਦ ਲੈਣ ਲਈ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਖਾਦ ਲੈਣ ਲਈ ਕਿਸਾਨ ਸਵੇਰ ਤੋਂ ਲਾਈਨ ’ਚ ਲਗਦੇ ਹਨ ਪਰ ਸ਼ਾਮ ਤੱਕ ਉਨ੍ਹਾਂ ਨੂੰ ਖਾਦ ਨਹੀਂ ਮਿਲਦੀ।
ਅਨਾਜ ਮੰਡੀ ’ਚ ਡੀ ਏ ਪੀ ਖਾਦ ਲੈਣ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਸਰ੍ਹੋਂ ਦੀ ਬਿਜਾਈ ਦਾ ਸਮਾਂ ਆ ਗਿਆ ਹੈ ਪਰ ਉਨ੍ਹਾਂ ਨੂੰ ਡੀ ਏ ਪੀ ਖਾਦ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਕਿਸਾਨ ਸਵੇਰ ਤੋਂ ਸ਼ਾਮ ਤੱਕ ਲਾਈਨਾਂ ’ਚ ਲੱਗਣ ਲਈ ਮਜਬੂਰ ਹੋ ਰਹੇ ਹਨ। ਜਦੋਂ ਸ਼ਾਮ ਨੂੰ ਨੰਬਰ ਆਉਂਦਾ ਹੈ ਤਾਂ ਉਦੋਂ ਤੱਕ ਸਟਾਕ ਖ਼ਤਮ ਹੋਣ ਦੀ ਗੱਲ ਕਹਿ ਦਿੱਤੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਜਿਹੜੇ ਕਿਸਾਨ ਨੂੰ ਦਸ ਬੈਗ ਖਾਦ ਚਾਹੀਦੀ ਹੁੰਦੀ ਹੈ ਉਸ ਨੂੰ ਦੋ ਤਿੰਨ ਬੈਗ ਹੀ ਖਾਦ ਦਿੱਤੀ ਜਾ ਰਹੀ ਹੈ। ਕਿਸਾਨਾਂ ਨੇ ਆਖਿਆ ਕਿ ਜੇਕਰ ਸਮੇਂ-ਸਿਰ ਉਨ੍ਹਾਂ ਨੂੰ ਖਾਦ ਨਹੀਂ ਮਿਲੀ ਤਾਂ ਉਨ੍ਹਾਂ ਦੀਆਂ ਫ਼ਸਲਾਂ ਦੀ ਬਿਜਾਈ ਪਛੜ ਜਾਵੇਗੀ ਜਿਸ ਦਾ ਸਿੱਧਾ ਅਸਰ ਝਾੜ ’ਤੇ ਪੈਣ ਦਾ ਖ਼ਦਸ਼ਾ ਹੈ। ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਡੀ ਏ ਪੀ ਖਾਦ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਜਿੰਨੀ ਖਾਦ ਦੀ ਲੋੜ ਹੈ, ਉਹ ਓਨੀ ਹੀ ਖਾਦ ਖਰੀਦਣ। ਖਾਦ ਦਾ ਸਟਾਕ ਨਾ ਕਰਨ। ਉਨ੍ਹਾਂ ਨੇ ਕਿਹਾ ਹੈ ਕਿ ਹਾਲੇ ਕਣਕ ਦੀ ਬੀਜਾਈ ਲਈ ਕਾਫੀ ਸਮਾਂ ਪਿਆ ਹੈ, ਕਣਕ ਦੀ ਬਿਜਾਈ ਤੱਕ ਕਿਸਾਨਾਂ ਨੂੰ ਲੋੜੀਂਦੀ ਖਾਦ ਮੁਹੱਈਆ ਹੋਵੇਗੀ।