ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅੱਜ ਇੱਥੇ ਥਾਣਾ ਥਰਮਲ ਅੱਗੇ ਧਰਨਾ ਦਿੱਤਾ। ਇੱਥੇ ਮਜ਼ਦੂਰ ਆਗੂ ਤੀਰਥ ਸਿੰਘ ਕੋਠਾਗੁਰੂ ਤੇ ਮਨਦੀਪ ਸਿੰਘ ਸਿਵੀਆਂ ਨੇ ਦੋਸ਼ ਲਾਇਆ ਕਿ ਪਿੰਡ ਸਿਵੀਆਂ ਦੇ ਕੁੱਝ ਬੰਦਿਆਂ ਨੇ ਕਿਸੇ ਦੇ ਇਸ਼ਾਰੇ ’ਤੇ ਲੰਘੀ 25 ਮਈ ਨੂੰ ਮਜ਼ਦੂਰ ਆਗੂ ਮਨਦੀਪ ਸਿੰਘ ਦੀ ਬਾਂਹ ਤੋੜ ਦਿੱਤੀ ਸੀ। ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਥਾਣਾ ਥਰਮਲ ਮੁਲਜ਼ਮਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਨਹੀਂ ਕਰ ਰਿਹਾ ਅਤੇ ਇਸੇ ਸਦਕਾ ਮੁਲਜ਼ਮਾਂ ਵੱਲੋਂ 2 ਜੁਲਾਈ ਨੂੰ ਮਨਦੀਪ ਦੇ ਭਰਾ ਨੂੰ ਜਾਨੋਂ ਮੁਕਾਉਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਮੁਖੀ ਨੂੰ ਮੁੜ ਲਿਖ਼ਤੀ ਸ਼ਿਕਾਇਤ ਦੇਣ ਦੇ ਬਾਵਜੂਦ ਫਿਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਕਿਸਾਨ ਆਗੂ ਅਮਰੀਕ ਸਿੰਘ ਸਿਵੀਆਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਪੁਲੀਸ ਦੀ ਢਿੱਲ ਮੱਠ ਕਾਰਣ ਮਜ਼ਦੂਰ ਆਗੂ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਆਗੂਆਂ ਨੇ ਆਖਿਆ ਕਿ ਪਿੰਡ ਸਿਵੀਆਂ ’ਚ ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਜਥੇਬੰਦ ਹੋਣ ਤੋਂ ਦੋਖੀ ਤਾਕਤਾਂ ਤੇ ਪੁਲੀਸ ਅਧਿਕਾਰੀ ਖ਼ਫ਼ਾ ਹਨ, ਇਸ ਲਈ ਮਜ਼ਦੂਰ ਆਗੂ ਤੇ ਉਸਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਧਰਨੇ ਨੂੰ ਗੁਰਮੀਤ ਸਿੰਘ ਕੋਟਗੁਰੂ, ਕਾਕਾ ਸਿੰਘ ਜੀਦਾ, ਦੀਨਾ ਸਿੰਘ, ਬਲਕਰਨ ਸਿੰਘ ਕੋਟਗੁਰੂ ਅਤੇ ਰਾਮ ਸਿੰਘ ਕੋਟਗੁਰੂ ਨੇ ਵੀ ਸੰਬੋਧਨ ਕੀਤਾ।