ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੇ ਸਮੂਹ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਵੱਲੋਂ 24 ਅਗਸਤ ਨੂੰ ਸਮਰਾਲਾ ਵਿਖੇ ਲੈਂਡ ਪੂਲਿੰਗ ਨੀਤੀ ਨੂੰ ਲੈਕੇ ਪੰਜਾਬ ਸਰਕਾਰ ਨੂੰ ਗੋਢੇ ਦਮ ਕਰਕੇ ਕੀਤੀ ਜਾ ਰਹੀ ਜੇਤੂ ਰੈਲੀ ਲਈ ਵੱਖ-ਵੱਖ ਜਥੇਬੰਦੀਆਂ ਦੀਆਂ ਮਾਲਵਾ ਖੇਤਰ ਵਿੱਚ ਜ਼ੋਰਦਾਰ ਲਾਮਬੰਦੀਆਂ ਜਾਰੀ ਹਨ।
ਅਜਿਹੀਆਂ ਤਿਆਰੀਆਂ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਦਰਜਨਾਂ ਨੁੱਕੜ ਰੈਲੀਆਂ ਕਰਕੇ ਲੋਕਾਂ ਨੂੰ ਵੱਧ-ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਅੱਜ ਪਿੰਡ ਭੈਣੀਬਾਘਾ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਅਨੇਕਾਂ ਹੋਰ ਮਸਲਿਆਂ ਉਤੇ ਲੈਂਡ ਪੂਲਿੰਗ ਨੀਤੀ ਵਰਗੀ ਜਿੱਤ ਹਾਸਲ ਕਰਨ ਲਈ ਵਿਸ਼ਾਲ ਏਕਤਾ ਅਤੇ ਦ੍ਰਿੜ ਸੰਘਰਸ਼ਾਂ ਲਈ ਲਾਮਬੰਦੀ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਕਤ ਵਪਾਰ ਸਮਝੌਤਾ ਵੀ ਕਣਕ, ਮੱਕੀ, ਗੰਨਾ ਆਦਿ ਸਾਰੀਆਂ ਖੇਤੀ ਜਿਣਸਾਂ ਦੁੱਧ, ਮੀਟ, ਆਂਡਿਆਂ ਦੇ ਕਾਰੋਬਾਰਾਂ ਅਤੇ ਖੇਤੀ ਆਧਾਰਿਤ ਸਨਅਤਾਂ ਉਤੇ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੇ ਕਬਜ਼ੇ ਕਰਵਾ ਕੇ ਆਮ ਕਿਸਾਨਾਂ ਨੂੰ ਜ਼ਮੀਨਾਂ ’ਚੋਂ ਬਾਹਰ ਕੱਢਣ ਵਾਲਾ ਇੱਕ ਜੁਗਾੜ ਹੈ।