ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 18 ਮਈ
ਪੰਜਾਬ ਅਤੇ ਹਰਿਆਣਾ ਦੇ ਭਾਖੜਾ ਦੇ ਪਾਣੀ ਦੇ ਵਿਵਾਦ ਕਾਰਨ ਲੰਮੀ ਬੰਦੀ ਤੋਂ ਬਾਅਦ ਖੇਤਰ ਦੀਆਂ ਨਹਿਰਾਂ ਵਿੱਚ ਅੱਜ ਅਚਾਨਕ ਪਾਣੀ ਆਉਣ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ। ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਪਾਣੀ ਦੀ ਲੋੜ ਵੀ ਵਧਦੀ ਜਾ ਰਹੀ ਹੈ ਪਰ ਅੱਜ ਜਿਵੇਂ ਹੀ ਗੁਦਰਾਣਾ ਪਿੰਡ ਦੇ ਕੋਲੋਂ ਲੰਘਦੀ ਕਾਲੂਆਣਾ ਨਹਿਰ ਵਿੱਚ ਪਾਣੀ ਆਇਆ। ਕਿਸਾਨ ਅਤੇ ਆਮ ਲੋਕ ਖੁਸ਼ ਦਿਖਾਈ ਦਿੱਤੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ 21 ਮਈ ਨੂੰ ਨਹਿਰਾਂ ਵਿੱਚ ਪਾਣੀ ਆਵੇਗਾ, ਪਰ ਦੋ ਦਿਨ ਪਹਿਲਾਂ ਨਹਿਰਾਂ ਵਿੱਚ ਪਾਣੀ ਆਉਣ ਕਾਰਨ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਕਿਸਾਨਾਂ ਨੂੰ ਵੀ ਬਹੁਤ ਸਾਰੇ ਲਾਭ ਮਿਲਣਗੇ। ਪਿੰਡ ਗੁਦਰਾਣਾ ਵਾਸੀ ਸੋਮੀ ਸਿੰਘ ਅਤੇ ਬਲਤੇਜ ਸਿੰਘ ਨੇ ਦੱਸਿਆ ਕਿ ਨਹਿਰਾਂ ਵਿੱਚ ਪਾਣੀ ਆਉਣ ਕਾਰਨ ਜਾਨਵਰਾਂ, ਪੰਛੀਆਂ ਅਤੇ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਹੁਣ ਕਪਾਹ ਦੀ ਬਿਜਾਈ ਵੀ ਸਮੇਂ ਸਿਰ ਹੋਵੇਗੀ। ਸਿੰਜਾਈ ਦੀ ਘਾਟ ਕਾਰਨ ਕਿਸਾਨਾਂ ਦੀਆਂ ਫਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਸਨ ਤੇ ਹੁਣ ਨਹਿਰਾਂ ਵਿੱਚ ਪਾਣੀ ਆਉਣ ਨਾਲ ਕਿਸਾਨ ਸਮੇਂ ਸਿਰ ਸਿੰਜਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਨਹਿਰ ਵਿੱਚ ਪਾਣੀ 21 ਮਈ ਨੂੰ ਆਉਣਾ ਚਾਹੀਦਾ ਸੀ, ਪਰ ਸਰਕਾਰ ਨੇ ਹੁਣ ਦੋ ਦਿਨ ਪਹਿਲਾਂ ਹੀ ਨਹਿਰਾਂ ਵਿੱਚ ਪਾਣੀ ਛੱਡ ਦਿੱਤਾ ਹੈ, ਜਿਸ ਲਈ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਲੋਕ ਟਿਊਬਵੈੱਲਾਂ ਦਾ ਖਾਰਾ ਪਾਣੀ ਪੀਂਦੇ ਸਨ ਪਰ ਹੁਣ ਨਹਿਰ ਵਿੱਚ ਪਾਣੀ ਆਉਣ ਨਾਲ ਉਨ੍ਹਾਂ ਨੂੰ ਸ਼ੁੱਧ ਸਾਫ਼ ਪਾਣੀ ਮਿਲੇਗਾ।