ਕਿਸਾਨਾਂ ਨੇ ਮੁਕਤਸਰ-ਫ਼ਿਰੋਜ਼ਪੁਰ ਮਾਰਗ ’ਤੇ ਆਵਾਜਾਈ ਰੋਕੀ
ਸਡ਼ਕ ਦੀ ਮੁਰੰਮਤ ਕਰਵਾਉਣ ਦੀ ਮੰਗ; ਪ੍ਰਸ਼ਾਸਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ
ਕਿਰਤੀ ਕਿਸਾਨ ਯੂਨੀਅਨ ਤੇ ਕੌਮੀ ਕਿਸਾਨ ਯੂਨੀਅਨ ਵੱਲੋਂ ਮੁਕਤਸਰ-ਫਿਰੋਜ਼ਪੁਰ ਰੋਡ ਦੀ ਮੁਰੰਮਤ ਕਰਵਾਉਣ ਲਈ ਅੱਜ ਪਿੰਡ ਬੂੜਾ ਗੁੱਜਰ ਵਿੱਚ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ। ਇਸ ਧਰਨੇ ਦੌਰਾਨ ਸੜਕ ਨੂੰ ਲੰਬੇ ਸਮੇਂ ਤੱਕ ਜਾਮ ਕੀਤਾ ਗਿਆ। ਮੌਕੇ ’ਤੇ ਪ੍ਰਸ਼ਾਸਨ ਅਧਿਕਾਰੀ ਤਹਿਸੀਲਦਾਰ ਗੁਰਪ੍ਰੀਤ ਸਿੰਘ, ਡੀ ਐੱਸ ਪੀ ਅਮਨਦੀਪ ਸਿੰਘ ਅਤੇ ਪੀ ਡਬਲਯੂ ਡੀ ਦੇ ਐੱਸ ਡੀ ਓ ਹਰਜਿੰਦਰ ਸਿੰਘ ਨੇ ਸੜਕ ਦਾ ਕੰਮ 20 ਨਵੰਬਰ ਤੱਕ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ। ਜ਼ਿਕਰਯੋਗ ਹੈ ਕਿ ਮੁਕਤਸਰ-ਫਿਰੋਜ਼ਪੁਰ ਨੈਸ਼ਨਲ ਹਾਈਵੇ ਦੀ ਮੁਰਮੰਤ ਦਾ ਕੰਮ ਲੰਮੇ ਸਮੇਂ ਤੋਂ ਲਟਕਿਆ ਆ ਰਿਹਾ ਹੈ। ਪਿਛਲੇ ਦਿਨੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ 4 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਦਿਨ-ਰਾਤ ਦਾ ਧਰਨਾ ਪਿੰਡ ਲੁਬਾਣਿਆਂਵਾਲੀ ਕੋਲ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੜਕ ਮਹਿਕਮਾ ਹਰਕਤ ’ਚ ਆਇਆ ਤੇ ਕੁਝ ਦਿਨਾਂ ਤੱਕ ਫਿਰੋਜ਼ਪੁਰ-ਮੁਕਤਸਰ ਸੜਕ ਬਣਾਉਣ ਦਾ ਕੰਮ ਚਾਲੂ ਕੀਤਾ ਗਿਆ ਸੀ ਪਰ ਫਿਰ ਅਚਾਨਕ ਕੰਮ ਨੂੰ ਬੰਦ ਕਰ ਦਿੱਤਾ ਗਿਆ। ਜਥੇਬੰਦੀਆਂ ਦੇ ਆਗੂਆਂ ਵੱਲੋਂ ਮਸਲੇ ਨੂੰ ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਜੋ ਸੜਕ ਬਣਾਉਣ ਦਾ ਰੁਕਿਆ ਹੋਇਆ ਕੰਮ ਦੁਬਾਰਾ ਚਾਲੂ ਹੋ ਸਕੇ ਪਰ ਇਸਦੇ ਬਾਵਜੂਦ ਪ੍ਰਸ਼ਾਸਨ ਟਸ ਤੋਂ ਮਸ ਨਾ ਹੋਇਆ। ਹੁਣ ਮਜਬੂਰੀ ਵਸ ਲੋਕਾਂ ਨੂੰ ਦੁਬਾਰਾ ਫੇਰ ਸੜਕ ’ਤੇ ਆਉਣਾ ਪਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡੇ ਅਤੇ ਕੌਮੀ ਕਿਸਾਨ ਯੂਨੀਅਨ ਦੇ ਆਗੂ ਜਸਕਰਨ ਸਿੰਘ ਨੇ ਦੱਸਿਆ ਕਿ ਵੱਡੇ-ਵੱਡੇ ਟੋਇਆਂ ਤੇ ਮਿੱਟੀ ਕਾਰਨ ਲੱਗਦੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ। ਸੜਕ ’ਤੇ ਲਗਾਤਾਰ ਉਡਦੀ ਧੂੜ ਕਾਰਨ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਹੈ। ਪਿਛਲੇ ਦਿਨੀਂ ਟੋਇਆਂ ਕਾਰਨ ਵਾਪਰੀਆਂ ਘਟਨਾਵਾਂ ਕਰਕੇ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ। ਆਗੂਆਂ ਨੇ ਕਿਹਾ ਖੱਜਲ-ਖੁਆਰ ਹੋ ਰਹੇ ਲੋਕਾਂ ਦੀ ਕਦੇ ਵੀ ਕਿਸੇ ਰਾਜਨੀਤਕ ਨੇਤਾ ਨੇ ਸਾਰ ਨਹੀਂ ਲਈ ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਰਾਜਨੀਤਕ ਨੇਤਾਵਾਂ ਨੂੰ ਵੋਟਾਂ ਲੈਣ ਤੋਂ ਸਿਵਾਏ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੋਈ ਵਾਹ ਵਾਸਤਾ ਨਹੀਂ। ਇਸ ਮੌਕੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਸਰਾਏਨਾਗਾ, ਦਵਿੰਦਰ ਸਿੰਘ ਲੁਬਾਣਿਆਂਵਾਲੀ, ਜਸਵੰਤ ਸਿੰਘ ਡੋਡਾਂਵਾਲੀ, ਜਗਦੇਵ ਸਿੰਘ ਸੰਗਰਾਣਾ ਅਤੇ ਜਗਸੀਰ ਸਿੰਘ ਸੱਕਾਂਵਾਲੀ, ਜਸਪਾਲ ਸਿੰਘ ਬੂੜਾ ਗੁੱਜਰ, ਲੱਖਾਂ ਵੜਿੰਗ, ਗੁਰਮੀਤ ਸਿੰਘ ਸੰਗਰਾਣਾ, ਬਲਕਰਨ ਸਿੰਘ ਵੜਿੰਗ, ਭੁਪਿੰਦਰ ਸਿੰਘ ਥਾਂਦੇਵਾਲਾ, ਕੁਲਵੰਤ ਸਿੰਘ, ਗੁਰਮੇਲ ਸਿੰਘ, ਜੁਗਰਾਜ ਸਿੰਘ ਲੁਬਾਣਿਆਂਵਾਲੀ, ਕਾਹਨ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਮਨੀ, ਜਸਵੀਰ ਡਾਕਟਰ ਤੇ ਵੱਡੀ ਗਿਣਤੀ ’ਚ ਬੀਬੀਆਂ ਵੀ ਹਾਜ਼ਰ ਸਨ।

