ਕਿਸਾਨ ਆਗੂਆਂ ਵੱਲੋਂ ਹੱਕਾਂ-ਹਿੱਤਾਂ ਲਈ ਜੂਝਣ ਦਾ ਅਹਿਦ
ਧਰਨੇ ਦਾ ਅੱਠਵਾਂ ਦਿਨ ਗੁਰੂ ਤੇਗ ਬਹਾਦਰ ਦੇ ਬਲੀਦਾਨ ਦਿਵਸ ਨੂੰ ਸਮਰਪਿਤ
ਇੱਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਹਾਦਸੇ ਦੌਰਾਨ ਮਾਰੇ ਗਏ ਕਿਸਾਨ ਆਗੂ ਦੇ ਮੁਆਵਜ਼ੇ ਦੀਆਂ ਮੰਗਾਂ ਨੂੰ ਲੈ ਕੇ ਲਾਏ ਗਏ ਅਣਮਿਥੇ ਸਮੇਂ ਦੇ ਧਰਨੇ ਦਾ ਅੱਠਵਾਂ ਦਿਨ ਸ਼ਹੀਦਾਂ ਦੇ ਸਿਰਤਾਜ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜਸਪਾਲ ਸਿੰਘ ਨੰਗਲ, ਗੁਰਭਗਤ ਸਿੰਘ ਭਲਾਈਆਣਾ ਤੇ ਹਰਬੰਸ ਸਿੰਘ ਕੋਟਲੀ ਨੇ ਆਖਿਆ ਕਿ ਆਪਣੇ ਹੱਕਾਂ ਲਈ ਹੀ ਨਹੀਂ ਸਗੋਂ ਮਨੁੱਖਤਾ ਲਈ ਕੁਰਬਾਨੀ ਕਰਨਾ ਇਸ ਧਰਤੀ ਦੀ ਵਿਰਾਸਤ ਹੈ ਜਿਸਦੀ ਮਿਸਾਲ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹੈ। ਉਨ੍ਹਾਂ ਆਖਿਆ ਕਿ ਸਦੀਆਂ ਪਹਿਲਾਂ ਵੀ ਗੁਰੂ ਜੀ ਨੇ ਰਾਜਪ੍ਰਬੰਧ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਾਉਂਦਿਆਂ ਕੁਰਬਾਨੀ ਕੀਤੀ ਸੀ ਅਤੇ ਸਿੱਤਮ ਦੀ ਗੱਲ ਹੈ ਕਿ ਅੱਜ ਦੇ ਲੋਕਤੰਤਰੀ ਰਾਜਪ੍ਰਬੰਧ ਵਿੱਚ ਵੀ ਲੋਕਾਂ ਨੂੰ ਆਪਣੇ ਹੱਕਾਂ-ਹਿੱਤਾਂ ਦੀ ਪੂਰਤੀ ਲਈ ਸੜਕਾਂ ’ਤੇ ਰੁਲਣਾ ਪੈਂਦਾ ਹੈ। ਉਨ੍ਹਾਂ ਰੋਸ ਜਾਹਿਰ ਕੀਤਾ ਕਿ ਅੱਜ ਨੌ ਦਿਨਾਂ ਦੇ ਦਿਨ-ਰਾਤ ਦੇ ਧਰਨੇ ਦੇ ਬਾਵਜੂਦ ਵੀ ਸਰਕਾਰ ਦਾ ਹੱਕੀ ਤੇ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਗਿਆ ਪਰ ਜਥੇਬੰਦੀ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਲੜਦੀ ਰਹੇਗੀ। ਇਸ ਮੌਕੇ ਹੋਰਾਂ ਤੋਂ ਇਲਾਵਾ ਨਿਰਮਲ ਸਿੰਘ ਜਿਓਣਵਾਲਾ, ਜਸਪ੍ਰੀਤ ਸਿੰਘ ਜੈਤੋ, ਸੁਖਦੇਵ ਸਿੰਘ ਮਲੋਟ, ਗੁਰਮੀਤ ਸਿੰਘ ਬਿੱਟੂ ਮੱਲਣ, ਹਰਪ੍ਰੀਤ ਸਿੰਘ ਦਲ ਸਿੰਘ ਵਾਲਾ, ਕੁਲਦੀਪ ਕਰਮਗੜ੍ਹ, ਹਰਫੂਲ ਸਿੰਘ ਭਾਗਸਰ, ਅਜੈਬ ਸਿੰਘ ਕੋਠੇ ਅਮਨਗੜ੍ਹ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਤੇ ਖੇਤ ਮਜ਼ਦੂਰ ਮੌਜੂਦ ਸਨ।

