ਕਿਸਾਨ ਆਗੂ ਅਤੇ ਫਤਹਿ ਇਮੀਗ੍ਰੇਸ਼ਨ ਦੇ ਹਿੱਸੇਦਾਰ ਸੁਖਵਿੰਦਰ ਸਿੰਘ ਉਰਫ਼ ਸੁੱਖ ਗਿੱਲ ਨੂੰ ਅੱਜ ਪੁਲੀਸ ਨੇ ਉਨ੍ਹਾਂ ਦੇ ਜੱਦੀ ਪਿੰਡ ਤੋਤਾ ਸਿੰਘ ਵਾਲਾ ਤੋਂ ਹਿਰਾਸਤ ਵਿੱਚ ਲਿਆ ਹੈ। ਕਿਸਾਨ ਆਗੂ ਨੇ ਅੱਜ-ਕੱਲ੍ਹ ਆਪਣੀ ਰਿਹਾਇਸ਼ ਚੰਡੀਗੜ੍ਹ ਰੱਖੀ ਹੋਈ ਹੈ ਅਤੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ’ਚੋਂ ਸਰਗਰਮ ਸੀ। ਬੀਤੀ ਸ਼ਾਮ ਕਿਸਾਨ ਆਗੂ ਆਪਣੇ ਪਰਿਵਾਰ ਨੂੰ ਮਿਲਣ ਪਿੰਡ ਆਇਆ ਹੋਇਆ ਸੀ। ਉਸ ’ਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਉੱਤੇ 18 ਲੱਖ ਰੁਪਏ ਦੀ ਠੱਗੀ ਦਾ ਦੋਸ਼ ਹੈ। ਪਿੰਡ ਬਾਜੇਕੇ ਵਾਸੀ ਬਲਵਿੰਦਰ ਸਿੰਘ ਦੀ ਸ਼ਿਕਾਇਤ ਉਪਰ ਹੋਈ ਜਾਂਚ ਪੜਤਾਲ ਤੋਂ ਬਾਅਦ 27 ਅਗਸਤ ਨੂੰ ਕਿਸਾਨ ਆਗੂ ਉਪਰ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਬਲਵਿੰਦਰ ਸਿੰਘ ਵੱਲੋਂ ਉਸ ਦੇ ਲੜਕੇ ਅਤੇ ਲੜਕੀ ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਨਾਮ ਹੇਠ ਲੱਖਾਂ ਰੁਪਏ ਦੀ ਰਾਸ਼ੀ ਹੜੱਪਣ ਦੇ ਦੋਸ਼ ਲਗਾਏ ਸਨ। ਮਾਮਲਾ ਦਰਜ ਹੋਣ ਤੋਂ ਬਾਅਦ ਕਿਸਾਨ ਆਗੂ ਪੁਲੀਸ ਤੋਂ ਬਚਦਾ ਆ ਰਿਹਾ ਸੀ। ਪੁਲੀਸ ਨੂੰ ਜਦੋਂ ਉਸਦੇ ਪਿੰਡ ਤੋਤਾ ਸਿੰਘ ਵਾਲਾ ਆਉਣ ਦੀ ਸੂਹ ਮਿਲੀ ਤਾਂ ਅੱਜ ਤੜਕਸਾਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਮੁਖੀ ਗੁਰਮੇਲ ਸਿੰਘ ਨੇ ਸਪੰਰਕ ਕਰਨ ਤੇ ਸੁੱਖ ਗਿੱਲ ਦੀ ਗ੍ਰਿਫ਼ਤਾਰੀ ਸਬੰਧੀ ਗੋਲਮੋਲ ਜਵਾਬ ਦਿੱਤਾ ਹੈ। ਸ਼ਿਕਾਇਤਕਰਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਖ਼ੁਦ ਸੁੱਖ ਗਿੱਲ ਨੂੰ ਪਿੰਡ ਤੋਂ ਗ੍ਰਿਫ਼ਤਾਰ ਕਰਵਾਇਆ ਹੈ।
+
Advertisement
Advertisement
Advertisement
Advertisement
×