ਹਮੀਦੀ ’ਚ ਕਿਸਾਨ ਨੇ ਮੂੰਗੀ ਦੀ ਫ਼ਸਲ ਵਾਹੀ
ਪਿੰਡ ਹਮੀਦੀ ਵਿੱਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਇੱਕ ਕਿਸਾਨ ਦੀ ਸਵਾ ਏਕੜ ਮੂੰਗੀ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ। ਫ਼ਸਲ ਦੇ ਨੁਕਸਾਨ ਕਾਰਨ ਕਿਸਾਨ ਨੂੰ ਆਪਣੀ ਮੂੰਗੀ ਦੀ ਫ਼ਸਲ ਟਰੈਕਟਰ ਤੇ ਰੋਟਾਵੇਟਰ ਨਾਲ ਵਾਹੁਣ ਲਈ ਮਜਬੂਰ ਹੋਣਾ ਪਿਆ। ਪੀੜਤ ਕਿਸਾਨ ਭਜਨ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਹਮੀਦੀ ਨੇ ਦੱਸਿਆ ਕਿ ਉਸ ਨੇ 10 ਕਨਾਲ 16 ਮਰਲੇ ਰਕਬੇ ਵਿੱਚ ਮੂੰਗੀ ਬੀਜੀ ਸੀ। ਫ਼ਸਲ ਤਿਆਰ ਕਰਨ ਲਈ ਤਿੰਨ ਵਾਰ ਖੇਤ ਦੀ ਵਾਹ ਵਹਾਈ ਕਿਰਾਏ ਦੇ ਟਰੈਕਟਰ ਰਾਹੀਂ ਕਰਵਾਈ ਗਈ। ਇਸ ਤੋਂ ਇਲਾਵਾ 12 ਕਿਲੋ ਬੀਜ ਖ਼ਰੀਦ ਕੇ ਬਿਜਾਈ ਕੀਤੀ ਗਈ ਅਤੇ ਦੋ ਵਾਰ ਸਪਰੇਅ ਵੀ ਕਰਵਾਇਆ ਗਿਆ ਪਰ ਕੁਦਰਤੀ ਕਰੋਪੀ ਕਾਰਨ ਹੜ੍ਹਾਂ ਦਾ ਪਾਣੀ ਖੇਤਾਂ ਵਿੱਚ ਆ ਜਾਣ ਨਾਲ ਮੂੰਗੀ ਪੂਰੀ ਤਰ੍ਹਾਂ ਨਸ਼ਟ ਹੋ ਗਈ ਤੇ ਕੋਈ ਫ਼ਲ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਘਰ ਦੀ ਰੋਜ਼ੀ-ਰੋਟੀ ਦਾ ਗੁਜ਼ਾਰਾ ਇਸ ਖੇਤੀ ’ਤੇ ਹੀ ਸੀ, ਪਰ ਫ਼ਸਲ ਖ਼ਰਾਬ ਹੋਣ ਕਾਰਨ ਪਰਿਵਾਰ ਆਰਥਿਕ ਸੰਕਟ ਵਿੱਚ ਫਸ ਗਿਆ ਹੈ। ਕਿਸਾਨ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਤੁਰੰਤ ਗੁਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਖੇ਼ਤਰ ਵਿਚ ਭਾਰੀ ਮੀਂਹ ਕਾਰਨ ਮੂੰਗੀ ਸਣੇ ਹੋਰ ਫ਼ਸਲਾਂ ਵੀ ਵੱਡੇ ਪੱਧਰ ’ਤੇ ਖ਼ਰਾਬ ਹੋਈਆਂ ਹਨ।ਇਸ ਮੌਕੇ ਸਰਪੰਚ ਉਮਨਦੀਪ ਸਿੰਘ ਸੋਹੀ, ਪੰਚ ਹਰਪ੍ਰੀਤ ਸਿੰਘ ਦਿਓਲ, ਤਰਲੋਚਨ ਸਿੰਘ ਬਾਜਵਾ, ਕਿਸਾਨ ਆਗੂ ਪੰਡਤ ਗੋਪਾਲ ਕ੍ਰਿਸ਼ਨ, ਜਗਰਾਜ ਸਿੰਘ ਰਾਣੂ ਨੇ ਪੰਜਾਬ ਸਰਕਾਰ ਪਾਸੋਂ ਅਪੀਲ ਕੀਤੀ ਕਿ ਪੀੜਤ ਕਿਸਾਨ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ।