ਲੰਘੇ ਕੱਲ੍ਹ ਪੁਲੀਸ ਵਲੋਂ ਅਮਨ ਮੈਡੀਕੋਜ਼ ਉੱਤੇ ਕੀਤੀ ਛਾਪਾਮਾਰੀ ਦੌਰਾਨ ਕਾਬੂ ਕੀਤੇ ਗਏ ਦੁਕਾਨ ਦੇ ਮੁਲਾਜ਼ਮ ਸਿਮਰਨਜੀਤ ਸਿੰਘ ਦਾ ਪਰਿਵਾਰ ਅਤੇ ਮੁਹੱਲਾ ਨਿਵਾਸੀਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਸੌਂਪਕੇ ਇਨਸਾਫ ਦੀ ਮੰਗ ਕੀਤੀ ਹੈ।
ਪਰਿਵਾਰ ਨੇ ਪੁਲੀਸ ਉੱਤੇ ਉਨ੍ਹਾਂ ਦੇ ਲੜਕੇ ਤੇ ਝੂਠਾ ਅਤੇ ਗਲਤ ਮੁਕੱਦਮਾ ਦਰਜ ਕਰਨ ਦੇ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਦਾ ਨਸ਼ੇ ਵਾਲੀਆਂ ਦਵਾਈਆਂ ਦੀ ਖਰੀਦ ਵੇਚ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਦੂਜੇ ਪਾਸੇ ਅਮਨ ਮੈਡੀਕੋਜ਼ ਦਾ ਮਾਲਕ ਸੁਖਦੇਵ ਸਿੰਘ ਜੋ ਕਿ ਕੱਲ੍ਹ ਦੀ ਪੁਲੀਸ ਕਾਰਵਾਈ ਤੋਂ ਬਾਅਦ ਰੂਪੋਸ਼ ਹੋ ਗਿਆ ਸੀ ਬਾਰੇ ਚਰਚਾ ਹੈ ਕਿ ਉਹ ਵਿਦੇਸ਼ ਇੰਗਲੈਂਡ ਚਲਾ ਗਿਆ ਹੈ। ਅੱਜ ਲੜਕੇ ਦੇ ਘਰ ਮੁਹੱਲਾ ਭਾਈ ਕਾ ਖੂਹ ਵਾਰਡ ਨੰਬਰ 3 ਵਿਖੇ ਵਾਰਡ ਦੇ ਕੌਂਸਲਰ ਚਮਕੌਰ ਸਿੰਘ ਅਤੇ ਬਾਬਾ ਜੀਵਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸੂਬਾ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਲੋਕਾਂ ਨੇ ਪੁਲੀਸ ਦੀ ਇਸ ਧੱਕੇਸ਼ਾਹੀ ਦੀ ਕਰੜੀ ਨਿੰਦਾ ਕੀਤੀ ਅਤੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ।
ਲੜਕੇ ਸਿਮਰਨਜੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਇਸ ਮੌਕੇ ਦੱਸਿਆ ਕਿ ਉਸਦਾ ਲੜਕਾ ਅਮਨ ਮੈਡੀਕੋਜ਼ ਵਿਖੇ ਮਹਿਜ਼ ਦੋ ਮਹੀਨੇ ਪਹਿਲਾਂ ਹੀ ਬਤੌਰ ਸਫ਼ਾਈ ਸੇਵਕ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਖੁਦ ਸਬਜ਼ੀ ਵਾਲ਼ੀ ਦੁਕਾਨ ਉੱਤੇ ਮਜ਼ਦੂਰੀ ਕਰਦਾ ਹੈ ਅਤੇ ਲੜਕੇ ਦੀ ਮਾਤਾ ਘਰਾਂ ਵਿੱਚ ਸਾਫ਼ ਸਫ਼ਾਈ ਦਾ ਕੰਮ ਕਰਦੀ ਹੈ।
ਪਿਤਾ ਨੇ ਦੋਸ਼ ਲਾਇਆ ਕਿ ਮੈਡੀਕਲ ਸਟੋਰ ਮਾਲਕ ਨੇ ਉਸਦੇ ਲੜਕੇ ਨੂੰ ਬਲੀ ਦਾ ਬੱਕਰਾ ਬਣਾਇਆ ਅਤੇ ‘ਆਪ’ ਵਿਦੇਸ਼ ਇੰਗਲੈਂਡ ਚਲਾ ਗਿਆ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਰਿਵਾਰ ਆਰਥਿਕ ਤੌਰ ਉੱਤੇ ਬਹੁਤ ਕਮਜ਼ੋਰ ਹੈ ਅਤੇ ਰਲਮਿਲ ਕੇ ਆਪਣਾ ਜੀਵਨ ਨਿਰਬਾਹ ਕਰ ਰਿਹਾ ਹੈ।
ਹਲਕਾ ਡੀਐਸਪੀ ਰਾਜੇਸ਼ ਠਾਕੁਰ ਦਾ ਕਹਿਣਾ ਸੀ ਕਿ ਪਰਿਵਾਰ ਦੀ ਮੰਗ ਉੱਤੇ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਬੇਗੁਨਾਹ ਪਾਇਆ ਗਿਆ ਤਾਂ ਉਸ ਉੱਤੇ ਦਰਜ ਮੁਕੱਦਮਾ ਰੱਦ ਹੋ ਸਕਦਾ ਹੈ।

