ਅੱਕਾਂਵਾਲੀ ’ਚ ਪਰਿਵਾਰ ਦੀ ਕੁੱਟਮਾਰ ਦਾ ਮਾਮਲਾ ਭਖ਼ਿਆ
ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਪੀੜਤ ਪਰਿਵਾਰ ਦੇ ਹੱਕ ’ਚ ਨਿੱਤਰੇ; ਜ਼ਖ਼ਮੀ ਹਸਪਤਾਲ ’ਚ ਜ਼ੇਰੇ ਇਲਾਜ
ਪਿੰਡ ਅੱਕਾਂਵਾਲੀ ਵਿੱਚ ਇੱਕ ਦਲਿਤ ਪਰਿਵਾਰ ਦੀ ਰਾਤ ਨੂੰ ਹੋਈ ਕੁੱਟਮਾਰ ਦਾ ਮਾਮਲਾ ਭਖ਼ ਗਿਆ ਹੈ। ਹਮਲੇ ਦਾ ਸ਼ਿਕਾਰ ਹੋਏ ਪੀੜਤ ਪਰਿਵਾਰ ਦੇ ਹੱਕ ਵਿੱਚ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨਿੱਤਰ ਆਏ ਹਨ। ਉਨ੍ਹਾਂ ਨੇ ਪੁਲੀਸ ਉਪਰ ਹਮਲਾਵਰਾਂ ਦੀ ਸਹਾਇਤਾ ਕਰਨ ਦੇ ਦੋਸ਼ ਲਾਉਂਦਿਆਂ ਪੀੜਤ ਪਰਿਵਾਰ ਨੂੰ ਤੁਰੰਤ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਤਿੰਨ ਜਣੇ ਸਿਵਲ ਹਸਪਤਾਲ ਬੁਢਲਾਡਾ ਵਿੱਚ ਦਾਖ਼ਲ ਹਨ।
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਅਤੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਪਿੰਡ ਅੱਕਾਂਵਾਲੀ ਦਾ ਦਲਿਤ ਮਜ਼ਦੂਰ ਤਾਰਾ ਸਿੰਘ 28 ਸਤੰਬਰ ਨੂੰ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ ਅਤੇ ਮਗਰੋਂ ਰਾਤ ਨੂੰ ਸੁੱਤੀ ਪਈ ਉਸ ਦੀ ਪਤਨੀ, ਪੁੱਤਰ ਅਤੇ ਰਿਸ਼ਤੇਦਾਰੀ ’ਚੋਂ ਆਏ ਇੱਕ ਵਿਅਕਤੀ ਉਪਰ ਹਮਲਾ ਕਰਕੇ ਜਖ਼ਮੀ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲਾ ਪਿੰਡ ਦੇ ਇੱਕ ਪਰਿਵਾਰ ਵੱਲੋਂ ਕੀਤਾ ਗਿਆ ਹੈ ਅਤੇ ਉਸ ਪਰਿਵਾਰ ਦਾ ਲੜਕਾ ਤਾਰਾ ਸਿੰਘ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਉਸ ਮਾਮਲੇ ਵਿੱਚ ਸਮਝੌਤਾ ਹੋ ਗਿਆ ਸੀ, ਪਰ ਉਹ ਪਰਿਵਾਰ ਅਜੇ ਵੀ ਇਨ੍ਹਾਂ ਨਾਲ ਰੰਜਿਸ਼ ਰੱਖ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਇਨਸਾਫ਼ ਦੇਣ ਦੀ ਥਾਂ ਉਲਟਾ ਕੁੱਟਮਾਰ ਕਰਨ ਵਾਲਿਆਂ ਨਾਲ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਮਾਓਂ ਨੇ ਦਲਿਤ ਪਰਿਵਾਰ ਦੀ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਅਤੇ ਸੁੱਤ ਪਏ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਐੱਸ ਸੀ/ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਲਕੇ ਇਸ ਮਾਮਲੇ ਸਬੰਧੀ ਮਾਨਸਾ ਦੇ ਐੱਸ ਐੱਸ ਪੀ ਨੂੰ ਇੱਕ ਵਫ਼ਦ ਦੇ ਰੂਪ ਵਿੱਚ ਮਿਲਿਆ ਜਾਵੇਗਾ ਅਤੇ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਲੜਿਆ ਜਾਵੇਗਾ।
ਥਾਣਾ ਬੋਹਾ ਦੇ ਮੁਖੀ ਮੇਲਾ ਸਿੰਘ ਨੇ ਸੰਪਰਕ ਕਰਨ ’ਤੇ ਮੰਨਿਆ ਕਿ ਤਾਰਾ ਸਿੰਘ ਦੇ ਪਰਿਵਾਰ ਦੀ ਕੁੱਟਮਾਰ ਹੋਈ ਹੈ, ਪਰ ਇਸ ਕੁੱਟਮਾਰ ਸਬੰਧੀ ਉਨ੍ਹਾਂ ਨੇ ਅੱਜ ਬਿਆਨ ਲਿਖਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕੁੱਟਮਾਰ ਕਰਨ ਵਾਲੇ ਅਸਲ ਕਸੂਰਵਾਰਾਂ ਨੂੰ ਪਿੰਡ ਵਿਚੋਂ ਪੜਤਾਲ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਰਿਵਾਰ ਦਾ ਪਹਿਲਾਂ ਲੜਕੀ ਜਾਣ ਵਾਲੇ ਮਾਮਲੇ ’ਚ ਸਮਝੌਤਾ ਹੋ ਗਿਆ ਸੀ।