ਇਥੇ ਬਾਘਾਪੁਰਾਣਾ ਪੁਲੀਸ ਤੇ ਸਿਹਤ ਵਿਭਾਗ ਫੂਡ ਸੇਫ਼ਟੀ ਟੀਮ ਨੇ ਸਾਂਝੇ ਅਪਰੇਸ਼ਨ ਵਿੱਚ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ ਕਰਕੇ ਭਾਰੀ ਮਾਤਰਾ ਵਿਚ ਨਕਲੀ ਦੇਸੀ ਘਿਓ ਦੇ ਬੰਦ ਪੈਕਟ, ਰੈਪਰ ਆਦਿ ਸਾਮਾਨ ਬਰਾਮਦ ਕੀਤਾ ਹੈ। ਫੈਕਟਰੀ ਸੰਚਾਲਕ ਚਾਰ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਅਜੈ ਗਾਂਧੀ ਨੇ ਦੱਸਿਆ ਕਿ ਬਾਘਾਪੁਰਾਣਾ ਡੀ ਐੱਸ ਪੀ ਦਲਬੀਰ ਸਿੰਘ ਸਿੱਧੂ ਅਤੇ ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਸਿਹਤ ਵਿਭਾਗ ਫੂਡ ਸੇਫਟੀ ਟੀਮ ਨਾਲ ਇਹ ਛਾਪਾ ਗੁਪਤ ਸੂਚਨਾ ਮਿਲਣ ਮਗਰੋਂ ਮਾਰਿਆ। ਇਹ ਫੈਕਟਰੀ ਕਿਰਾਏ ਦੇ ਮਕਾਨ ਵਿੱਚ ਚਲਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਵਿਭਾਗ ਨਕਲੀ ਖਾਦ-ਪਦਾਰਥ ਤਿਆਰ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰੱਗਾ। ਪੁਲੀਸ ਮੁਤਾਬਕ ਉਥੋਂ ਭਾਰੀ ਮਾਤਰਾ ਵਿੱਚ ਨਕਲੀ ਦੇਸੀ ਘਿਓ ਦੇ ਬੰਦ ਪੈਕਟ, ਰੈਪਰ ਆਦਿ ਸਾਮਾਨ ਬਰਾਮਦ ਕੀਤਾ ਗਿਆ ਹੈ। ਫੈਕਟਰੀ ਸੰਚਾਲਕ ਚਾਰੋ ਪਰਵਾਸੀ ਮਜ਼ਦੂਰ ਬਾਹਰੀ ਸੂਬੇ ਦੇ ਹਨ ਅਤੇ ਦੋ ਸਕੇ ਭਰਾ ਹਨ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਮੌਕੇ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜਮਾਂ ਦੀ ਪਛਾਣ ਵਕੀਲ ਮਲਕ ਅਤੇ ਅਨਸ ਜੋ ਦੋਵੇਂ ਸਕੇ ਭਰਾ ਅਤੇ ਅਹਿਮਦਾਬਾਦ ਖ਼ਤੌਨੀ ਜ਼ਿਲ੍ਹਾ ਮਜ਼ੱਫ਼ਰ ਨਗਰ, ਮਹੁੰਮਦ ਬਿਲਾਲ ਵਾਸੀ ਕਰਮ ਨਗਰ ਅਫਜਾਲਪੁਰ ਅਤੇ ਸਦਾਬ ਵਾਸੀ ਇਸਲਾਮਾਬਾਦ ਖ਼ਤੌਨੀ, ਜ਼ਿਲ੍ਹਾ ਮੁਜੱਫ਼ਰ ਨਗਰ, ਉਤਰ ਪ੍ਰਦੇਸ਼ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਨਕਲੀ ਘਿਓ ਦੇ ਨਮੂਨੇ ਜਾਂਚ ਲਈ ਸਰਕਾਰੀ ਲੈਬਾਰਟਰੀ ’ਚ ਭੇਜ ਦਿੱਤੇ ਗਏ ਹਨ ਅਤੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਮੁਲਜ਼ਮਾਂ ਨੇ ਇਹ ਦਾਅਵਾ ਕੀਤਾ ਕਿ ਉਹ ਬਨਸਪਤੀ ਅਤੇ ਰਿਫਾਈਂਡ ਵਿੱਚ ਵਿਸੇਸ਼ ਸੈਂਟ (ਖੁਸ਼ਬੂ) ਦਾ ਇਸਤੇਮਾਲ ਕਰਦੇ ਸਨ ਅਤੇ ਬਿਲਕੁੱਲ ਦੇਸੀ ਘਿਓ ਦੀ ਸੁਗੰਧ ਹੋ ਜਾਂਦੀ ਸੀ।