ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ 76ਵਾਂ ਜ਼ਿਲ੍ਹਾ ਪੱਧਰੀ ਵਣ ਮਹਾਂ ਉਤਸਵ ਮਾਨਸਾ ਵਿੱਚ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਡੀਸੀ ਕੁਲਵੰਤ ਸਿੰਘ ਅਤੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਪੌਦਾ ਲਗਾਕੇ ਹਰਿਆਵਲ ਅਤੇ ਸ਼ੁੱਧ ਵਾਤਾਵਰਨ ਲਈ ਯੋਗ ਉਪਰਾਲੇ ਕਰਨ ਦਾ ਸੁਨੇਹਾ ਦਿੰਦਿਆਂ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ ਹਰਿਆਵਲ ਸੰਕਲਪ’ ਮੁਹਿੰਮ ਚਲਾਈ ਗਈ ਹੈ, ਜਿਸ ਅਧੀਨ ਜਿਲ਼੍ਹਾ ਮਾਨਸਾ ਵਿਚ 3.50 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਵੀ ਚਲਾਈ ਗਈ ਹੈ, ਜਿਸ ਅਨੁਸਾਰ ਹਰੇਕ ਬੱਚੇ ਨੂੰ ਆਪਣੇ ਜਨਮ ਦਿਵਸ ਮੌਕੇ ਇਕ ਪੌਦਾ ਆਪਣੀ ਮਾਂ ਦੇ ਨਾਮ ’ਤੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਕੁਦਰਤ ਨਾਲ ਜੁੜਨਾ ਆਪਣੇ ਆਪ ਨਾਲ ਜੁੜਨਾ ਹੈ। ਉਨ੍ਹਾਂ ਕਿਹਾ ਕਿ ਰੋਜ਼ਮਰ੍ਹਾ ਦੀ ਭੱਜਦੌੜ ਭਰੀ ਜ਼ਿੰਦਗੀ ਵਿਚੋਂ ਜਦੋਂ ਕੁਝ ਪਲ ਕੁਦਰਤ ਲਈ ਕੱਢਦੇ ਹਾਂ ਤਾਂ ਆਪਣੇ ਆਪ ਨੂੰ ਅੱਜ ਵਿਚ ਜਿਉਣ ਦਾ ਅਹਿਸਾਸ ਹੁੰਦਾ ਹੈ।
ਜ਼ਿਲ੍ਹਾ ਜੰਗਲਾਤ ਅਫ਼ਸਰ ਪਵਨ ਸ੍ਰੀਧਰ, ਵਣ ਰੇਂਜ ਅਫ਼ਸਰ ਹਰਦਿਆਲ ਸਿੰਘ, ਸੁਖਦੇਵ ਸਿੰਘ ਨੇ ਕਿਹਾ ਕਿ ਵਣ ਵਿਭਾਗ ਵੱਲੋ ਕਿਸਾਨਾਂ ਨੂੰ ਸਬਸਿਡੀ ਤਹਿਤ ਆਪਣੇ ਖੇਤਾਂ ਵਿੱਚ ਹਰ ਤਰ੍ਹਾਂ ਦੇ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਬਣਾਂਵਾਲਾ ਤਾਪਘਰ ਦੇ ਸੀਈਓ ਪੰਕਜ ਸ਼ਰਮਾ, ਡਾ. ਜਨਕ ਰਾਜ, ਅਸ਼ੋਕ ਸਪੋਲੀਆ, ਬਲਵੀਰ ਸਿੰਘ ਅਗਰੋਈਆ ਤੇ ਜੱਟ ਜੋਤਸ਼ੀ ਹਾਜ਼ਰ ਸਨ।