ਤਲਵੰਡੀ ਭਾਈ ਦੇ ਪਿੰਡ ਵਿੱਚ ਐਤਵਾਰ ਨੂੰ ਇੱਕ ਧਾਰਮਿਕ ਸਮਾਗਮ ’ਚ ਪਹੁੰਚਿਆ ਸਤਾਧਾਰੀ ਪਾਰਟੀ ਦਾ ਇੱਕ ਨੇਤਾ ਆਪਣੇ ਨਿੱਜੀ ਵਾਹਨ ਦੀ ਵਿੰਡ ਸ਼ੀਲਡ ਅੰਦਰ ‘ਪੰਜਾਬ ਸਰਕਾਰ’ ਦੇ ਨਾਂ ਵਾਲੀ ਪਲੇਟ ਰੱਖ ਕੇ ਘੁੰਮਦਾ ਨਜ਼ਰ ਆਇਆ। ਇਸ ਵਾਹਨ ਦੇ ਪਿਛਲੇ ਪਾਸੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਤਸਵੀਰਾਂ ਵਾਲਾ ਆਮ ਆਦਮੀ ਪਾਰਟੀ ਦਾ ਸਟਿੱਕਰ ਵੀ ਲੱਗਿਆ ਹੋਇਆ ਸੀ।
ਟਰਾਂਸਪੋਰਟ ਵਿਭਾਗ ਦੇ ਰਿਕਾਰਡ ਵਿੱਚ ਉਕਤ ਮਹਿੰਦਰਾ ਬੋਲੈਰੋ ਨੀਓ ਐੱਨ 10 (ਆਰ) ਕਾਰ ਫ਼ਰੀਦਕੋਟ ਜ਼ਿਲ੍ਹੇ ਵਿੱਚ ਗੁਰਤੇਜ ਸਿੰਘ ਖੋਸਾ ਦੇ ਨਾਮ ’ਤੇ ਰਜਿਸਟਰਡ ਹੈ। ਇਕੱਤਰ ਜਾਣਕਾਰੀ ਮੁਤਾਬਕ ਗੁਰਤੇਜ ਸਿੰਘ ਖੋਸਾ ‘ਆਪ’ ਦਾ ਜ਼ਿਲ੍ਹਾ ਪ੍ਰਧਾਨ ਹੈ। ਉਸ ਦੀ ਹਾਲ ਹੀ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਵਜੋਂ ਨਿਯੁਕਤੀ ਹੋਈ ਹੈ। ਇਸ ਨਿਯੁਕਤੀ ਦਾ ਹਲਫ਼ ਲੈਣਾ ਵੀ ਅਜੇ ਬਾਕੀ ਹੈ। ਇਸ ਪੱਤਰਕਾਰ ਵੱਲੋਂ ਉਕਤ ਵਾਹਨ ਦੇ ਚਾਲਕ ਨਾਲ ਕੀਤੀ ਗੱਲਬਾਤ ’ਚ ਉਸ ਨੇ ਆਪਣੀ ਪਛਾਣ ਪੰਜਾਬ ਪੁਲੀਸ ਦੇ ਕਰਮਚਾਰੀ ਮਨਜਿੰਦਰ ਸਿੰਘ ਵਜੋਂ ਦੱਸੀ ਹੈ। ਉਸ ਨੇ ਦੱਸਿਆ ਕਿ ‘ਚੇਅਰਮੈਨ ਸਾਹਿਬ’ ਨੂੰ ਸਰਕਾਰੀ ਗੱਡੀ ਅਜੇ ਅਲਾਟ ਨਹੀਂ ਹੋਈ ਲਿਹਾਜ਼ਾ ‘ਪਲੇਟ’ ਰੱਖ ਲਈ ਹੈ। ਪਤਾ ਲੱਗਾ ਹੈ ਕਿ ਸੁਰੱਖਿਆ ਵੀ ਨਿਯਮਾਂ ਤੋਂ ਬਾਹਰ ਜਾ ਕੇ ਸੱਤਾ ਦੇ ਪ੍ਰਭਾਵ ਨਾਲ ਹਾਸਲ ਕੀਤੀ ਹੋਈ ਹੈ।
ਚੇਅਰਮੈਨ ਹੋਣ ਦੇ ਨਾਂ ’ਤੇ ਲਗਾਈ ਹੈ ਪਲੇਟ: ਖੋਸਾ
ਗੁਰਤੇਜ ਸਿੰਘ ਖੋਸਾ ਨੇ ਕਿਹਾ ਕਿ ਉਪਰੋਕਤ ਗੱਡੀ ਉਸ ਦੀ ਆਪਣੀ ਹੈ ਅਤੇ ਉਸ ਨੇ ‘ਪੰਜਾਬ ਸਰਕਾਰ’ ਦੀ ਪਲੇਟ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਹੋਣ ਦੇ ਨਾਂ ’ਤੇ ਲਗਾਈ ਹੈ। ਉਨ੍ਹਾਂ ਕਿਹਾ, ‘‘ਜੇ ਇਸ ਵਿੱਚ ਕੁੱਝ ਗ਼ਲਤ ਹੈ ਤਾਂ ਮੈਂ ਇਹ ਹਟਾ ਦੇਵਾਂਗਾ ਤੇ ਕਾਨੂੰਨ ਦੀ ਉਲੰਘਣਾ ਨਹੀਂ ਕਰਾਂਗਾ। ਪਿਛਲੇ ਸਮੇਂ ਫਰੀਦਕੋਟ ਵਿੱਚੋਂ ਸਰਕਾਰ ਥਾਵਾਂ ਤੋਂ ਛੁਡਵਾਏ ਨਾਜਾਇਜ਼ ਕਬਜ਼ਿਆਂ ਕਾਰਨ ਮੇਰੇ ਕਈ ਦੁਸ਼ਮਣ ਪੈਦਾ ਹੋ ਗਏ ਜਿਸ ਕਾਰਨ ਸੁਰੱਖਿਆ ਲਈ ਹੋਈ ਹੈ।’’
ਵਰਤਾਰਾ ਨਿਯਮਾਂ ਦੇ ਉਲਟ: ਟਰਾਂਸਪੋਰਟ ਅਧਿਕਾਰੀ
ਫ਼ਿਰੋਜ਼ਪੁਰ ਦੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਰਾਕੇਸ਼ ਬਾਂਸਲ ਦਾ ਕਹਿਣਾ ਹੈ ਕਿ ਅਜਿਹਾ ਵਰਤਾਰਾ ਨਿਯਮਾਂ ਦੇ ਉਲਟ ਹੈ। ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਸਰਕਾਰੀ ਵਿਭਾਗ ਨਿੱਜੀ ਵਾਹਨਾਂ ਦੀ ਵਰਤੋਂ ਕਰ ਰਹੇ ਹੋਣ। ਜੇਕਰ ਕਿਸੇ ਅਹੁਦੇਦਾਰ ਨੇ ਸਰਕਾਰ ਤੋਂ ਮਨਜ਼ੂਰੀ ਵੀ ਲਈ ਹੈ ਤਾਂ ਉਸ ਨੂੰ ਨਾਲ-ਨਾਲ ਸਬੰਧਤ ਵਿਭਾਗ/ਬੋਰਡ ਦੀ ਪਲੇਟ ਵੀ ਲਗਾਉਣੀ ਚਾਹੀਦੀ ਹੈ।
ਪੁਲੀਸ ਨੇ ਪੱਲਾ ਝਾੜਿਆ
‘ਆਪ’ ਨੇਤਾ ਨੂੰ ਮਿਲੀ ਸੁਰੱਖਿਆ ਬਾਰੇ ਡੀ ਐੱਸ ਪੀ (ਐੱਚ) ਫ਼ਰੀਦਕੋਟ ਰਾਜੇਸ਼ ਕੁਮਾਰ ਨੇ ਇਹ ਕਹਿਕੇ ਗੱਲ ਖ਼ਤਮ ਕਰ ਦਿੱਤੀ ਕਿ ਉਹ ਅੱਜ ਛੁੱਟੀ ’ਤੇ ਹਨ ਤੇ ਭਲਕੇ ਰਿਕਾਰਡ ਦੇਖ ਕੇ ਹੀ ਕੁਝ ਕਹਿ ਸਕਣਗੇ। ਐੱਸ ਐੱਸ ਪੀ ਪ੍ਰਗਿਆ ਜੈਨ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਤਲਵੰਡੀ ਭਾਈ ਇਲਾਕਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।

