ਕੋਟ ਕਰੋੜ ਕਲਾਂ ਟੌਲ ਪਲਾਜ਼ਾ ’ਤੇ ਮੁਲਾਜ਼ਮਾਂ ਦਾ ਸੰਘਰਸ਼ ਜਾਰੀ
ਇੱਥੇ ਕੋਟ ਕਰੋੜ ਕਲਾਂ ਟੌਲ ਪਲਾਜ਼ਾ 'ਤੇ ਬੈਰੀਅਰ ਕਾਮਿਆਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਪਲਾਜ਼ਾ ਪਿਛਲੇ ਤਿੰਨ ਦਿਨਾਂ ਤੋਂ ਪਰਚੀ ਮੁਕਤ ਹੈ। ਰਾਹਗੀਰਾਂ ਨੂੰ ਵੱਡਾ ਵਿੱਤੀ ਲਾਭ ਹੋ ਰਿਹਾ ਹੈ। ਕਾਮਿਆਂ ਦੀ ਮੰਗ ਹੈ ਕਿ ਲੰਘੇ ਮਹੀਨੇ 'ਚ ਕਿਸਾਨੀ ਧਰਨੇ ਦੌਰਾਨ ਬੰਦ ਰਹੇ ਪਲਾਜ਼ਾ ਦੇ 9 ਦਿਨਾਂ ਦਾ ਮਿਹਨਤਾਨਾ ਵੀ ਦਿੱਤਾ ਜਾਵੇ। ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਨੂੰ ਤਿੱਖਾ ਕਰਦਿਆਂ 11 ਸਤੰਬਰ ਨੂੰ ਇੱਥੇ ਸੂਬਾ ਪੱਧਰੀ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਉਧਰ ਕਾਮਿਆਂ ਵੱਲੋਂ ਅੱਜ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ।
ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਵੰਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਬੀਤੇ ਕੱਲ੍ਹ ਥਾਣਾ ਤਲਵੰਡੀ ਭਾਈ ਦੇ ਏਐਸਆਈ ਮੇਜਰ ਸਿੰਘ ਸਾਲਸ ਬਣੇ ਸਨ। ਕੰਪਨੀ ਦੇ ਅਧਿਕਾਰੀਆਂ ਨਾਲ ਕਰਵਾਏ ਸਮਝੌਤੇ ਮੁਤਾਬਕ ਲੰਘੇ ਕੱਲ੍ਹ ਸ਼ਾਮ 5 ਵਜੇ ਮਸਲੇ ਦਾ ਹੱਲ ਹੋਣਾ ਸੀ। ਉਸ ਤੋਂ ਪਹਿਲਾਂ ਕਾਮਿਆਂ ਵੱਲੋਂ ਪਲਾਜ਼ਾ ਸ਼ੁਰੂ ਕੀਤਾ ਜਾਣਾ ਸੀ ਪਰ ਕੰਪਨੀ ਦੇ ਅਧਿਕਾਰੀਆਂ ਨੇ ਕਾਮਿਆਂ ਨੂੰ ਸਲਾਟ (ਖੁੱਲ੍ਹੀ ਨਗਦੀ) ਨਹੀਂ ਦਿੱਤੀ, ਜਿਸ ਕਾਰਨ ਧਰਨਾ ਜਾਰੀ ਹੈ। ਖ਼ਾਲਸਾ ਨੇ ਦੱਸਿਆ ਕਿ 60 ਕਾਮਿਆਂ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਯੂਨੀਅਨ ਵੱਲੋਂ 11 ਸਤੰਬਰ ਨੂੰ ਇੱਥੇ ਸੂਬਾ ਪੱਧਰੀ ਮੁਜ਼ਾਹਰਾ ਰੱਖਿਆ ਗਿਆ ਹੈ। ਇਸ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਕਰਨਗੇ। ਜੇਕਰ ਫਿਰ ਵੀ ਪ੍ਰਸ਼ਾਸਨ ਤੇ ਠੇਕੇਦਾਰ ਕੰਪਨੀ ਸੁਣਵਾਈ ਨਹੀਂ ਕਰਦੀ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਤੇ ਵੱਡਾ ਕੀਤਾ ਜਾਵੇਗਾ।
ਕੰਪਨੀ 9 ਦਿਨਾਂ ਦੀ ਅਦਾਇਗੀ ਨਹੀਂ ਕਰੇਗੀ: ਜਸਵਿੰਦਰ ਸਿੰਘ
ਕੰਪਨੀ ਰਾਇਲ ਦੀਪ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਡ ਦੇ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੰਪਨੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ। ਇਹ ਲੋਕ ਉਨ੍ਹਾਂ ਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ। ਕੰਪਨੀ ਮੁਲਾਜ਼ਮਾਂ ਵੱਲੋਂ ਕੀਤੇ ਕੰਮ ਦਾ ਇੱਕ-ਇੱਕ ਪੈਸਾ ਦੇਣ ਨੂੰ ਤਿਆਰ ਹੈ, ਪਰ ਬੰਦ ਰਹੇ ਟੌਲ ਪਲਾਜ਼ਾ ਦੇ 9 ਦਿਨਾਂ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ। ਧਰਨਿਆਂ ਦੌਰਾਨ ਟੌਲ ਪਲਾਜ਼ਿਆਂ ਦੇ ਬੰਦ ਰਹਿਣ ਦਾ ਕੰਪਨੀ ਨੂੰ ਸਰਕਾਰ ਵੱਲੋਂ ਕੋਈ ਕਲੇਮ ਨਹੀਂ ਮਿਲਦਾ। ਉਨ੍ਹਾਂ ਦੋਸ਼ ਲਾਇਆ ਕਿ ਟੌਲ ਪਲਾਜ਼ਾ 'ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਰੋਜ਼ਾਨਾ 50 ਹਜ਼ਾਰ ਰੁਪਏ ਦੀ ਕਥਿਤ ਚੋਰੀ ਕੀਤੀ ਜਾਂਦੀ ਹੈ, ਜਿਸ ਦੇ ਕੰਪਨੀ ਕੋਲ ਸਬੂਤ ਮੌਜੂਦ ਹਨ।