ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਖ਼ਿਲਾਫ਼ ਡਟੇ ਮੁਲਾਜ਼ਮ
ਨਿੱਜੀਕਰਨ ਦੀ ਨੀਤੀ ਰੱਦ ਕਰਨ ਦੀ ਮੰਗ; ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਦੇ ਦੋਸ਼
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸਰਕਾਰੀ ਮਹਿਕਮਿਆਂ ਦੇ ਨਿੱਜੀਕਰਨ ਖ਼ਿਲਾਫ਼ ਤਿੰਨ ਰੋਜ਼ਾ ਹੜਤਾਲ ਦੇ ਅੱਜ ਦੂਜੇ ਦਿਨ ਵੀ ਸੰਘਰਸ਼ ਜਾਰੀ ਰਿਹਾ। ਹੜਤਾਲੀ ਮੁਲਾਜ਼ਮਾਂ ਵੱਲੋਂ ਇੱਥੇ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਅਤੇ ਡਿਵੀਜ਼ਨ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਮਰਜ ਕਰਕੇ ਪੱਕਾ ਕਰਨ ਦੇ ਵਾਅਦੇ ਨਾਲ ਹੋਂਦ ਵਿੱਚ ਆਈ ‘ਆਪ’ ਸਰਕਾਰ ਨੇ ਇਸ ਸਬੰਧੀ ਹਾਲੇ ਕੋਈ ਨੀਤੀ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਤਤਕਾਲੀ ਸਰਕਾਰਾਂ ਵਾਂਗ ਹੀ ਕੇਂਦਰ ਸਰਕਾਰ ਦੀਆਂ ਨੀਤੀਆਂ ਅਨੁਸਾਰ ਸਰਕਾਰੀ ਅਦਾਰਿਆਂ ਨੂੰ ਨਿੱਜੀਕਰਨ ਕੀਤੇ ਜਾਣ ਦੇ ਰਾਹ ਪਈ ਹੋਈ ਹੈ।
ਗੁਰਜੀਤ ਸਿੰਘ, ਅਨਿਲ ਕੁਮਾਰ ਅਤੇ ਗਗਨਦੀਪ ਸਿੰਘ ਨੇ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ। ਨਵੇਂ ਕਿਰਤ ਅਤੇ ਬਿਜਲੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਸਰਕਾਰੀ ਵਿਭਾਗਾਂ ਦੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜਰਬੇ ਦੇ ਆਧਾਰ ’ਤੇ ਵਿਭਾਗਾਂ ਵਿੱਚ ਪੱਕਾ ਕੀਤਾ ਜਾਵੇ। ਘੱਟੋ-ਘੱਟ ਉਜਰਤਾਂ ਦੇ ਕਾਨੂੰਨ 1948, ਪੰਦਰਵੀਂ ਲੇਬਰ ਕਾਨਫ਼ਰੰਸ ਦੇ ਫਾਰਮੂਲੇ ਮੁਤਾਬਿਕ ਠੇਕਾ ਮੁਲਾਜ਼ਮਾਂ ਲਈ ਗੁਜ਼ਾਰੇ ਯੋਗ ਤਨਖ਼ਾਹ ਨਿਸ਼ਚਿਤ ਕੀਤੀ ਜਾਵੇ। ਸੇਵਾ ਕਾਲ ਦੌਰਾਨ ਮੌਤ ਜਾਂ ਫਿਰ ਨਕਾਰਾ ਹੋਣ ’ਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ, ਪੈਨਸ਼ਨ ਅਤੇ ਮੁਆਵਜ਼ਾ ਦਿੱਤਾ ਜਾਵੇ। ਠੇਕਾ ਮੁਲਾਜ਼ਮਾਂ ਦੇ ਸੇਵਾ ਮੁਕਤ ਹੋਣ ’ਤੇ ਪੈਨਸ਼ਨ ਅਤੇ ਗੁਜ਼ਾਰਾ ਫੰਡ ਦਿੱਤਾ ਜਾਵੇ। ਅੱਜ ਦੇ ਧਰਨੇ ਵਿੱਚ ਸੰਦੀਪ ਕੁਮਾਰ, ਰਾਮਵਰਨ, ਮਿਥੁਨ ਕੁਮਾਰ, ਕੁਲਦੀਪ ਸਿੰਘ, ਬਲਜੀਤ ਸਿੰਘ, ਰਤਨ ਲਾਲ, ਸੁਖਤੇਜ ਸਿੰਘ ਗੋਰਾ, ਗੁਰਦਿੱਤ ਸਿੰਘ ਗੋਰਾ, ਦਰਵੇਸ਼ ਸਿੰਘ, ਅਰੁਣ ਕੁਮਾਰ, ਇਕਬਾਲ ਸਿੰਘ ਪੂਹਲਾ, ਚੰਦਰ ਪ੍ਰਸ਼ਾਦ, ਜਸਵਿੰਦਰ ਸਿੰਘ, ਜਸਕਰਨ ਸਿੰਘ ਕੋਠਾਗੁਰੂ ਆਦਿ ਸ਼ਾਮਲ ਸਨ।

