ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਕੇ ਰੋਸ ਰੈਲੀ ਕੀਤੀ ਗਈ ਅਤੇ ਉਪਰੰਤ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਗਏ।
ਫਰੰਟ ਦੇ ਸੂਬਾਈ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ, ਚੰਦ ਸਿੰਘ ਡੋਡ, ਵੀਰਇੰਦਰਜੀਤ ਸਿੰਘ ਪੁਰੀ, ਅਸ਼ੋਕ ਕੌਸ਼ਲ, ਸਿਮਰਜੀਤ ਸਿੰਘ ਬਰਾੜ, ਗੁਰਤੇਜ ਸਿੰਘ ਖਹਿਰਾ, ਵੀਰ ਸਿੰਘ ਕੰਮੇਆਣਾ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪਿਛਲੇ ਲਗਪਗ ਸਾਢੇ ਤਿੰਨ ਸਾਲਾਂ ਤੋਂ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਪ੍ਰਤੀ ਅਪਣਾਈ ਗਈ ਨਾਂਹ ਪੱਖੀ ਪਹੁੰਚ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਹੁਤ ਸਾਰੇ ਮਸਲੇ ਲਮਕ ਅਵਸਥਾ ਵਿੱਚ ਪਏ ਹਨ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਾਢੇ ਪੰਜ ਸਾਲਾਂ ਦਾ ਤਨਖਾਹਾਂ ਅਤੇ ਪੈਨਸ਼ਨਾਂ ਦਾ ਬਣਦਾ ਬਕਾਇਆ ਯਕਮੁਸ਼ਤ ਤੁਰੰਤ ਜਾਰੀ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ 13 ਫੀਸਦੀ ਚਾਰ ਕਿਸ਼ਤਾਂ ਅਤੇ ਪਿਛਲੀਆਂ ਕਿਸ਼ਤਾਂ ਦਾ ਰਹਿੰਦਾ ਸਾਰਾ ਬਕਾਇਆ ਤੁਰੰਤ ਦਿੱਤਾ ਜਾਵੇ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਤੁਰੰਤ ਲਾਗੂ ਕੀਤਾ ਜਾਵੇ, ਸਮੂਹ ਕੱਚੇ , ਠੇਕਾ ਅਧਾਰਤ, ਆਊਟ ਸੌਰਸ ਮੁਲਾਜ਼ਮਾਂ ਅਤੇ ਵੱਖ-ਵੱਖ ਸਕੀਮਾ ਆਸ਼ਾ ਵਰਕਰਜ਼, ਆਂਗਨਵਾੜੀ ਵਰਕਰਜ਼, ਮਿੱਡ-ਡੇਅ ਮੀਲ ਵਰਕਰਜ਼ ਆਦਿ ਸਕੀਮ ਵਰਕਰਾਂ ਨੂੰ ਪੂਰੇ ਤਨਖਾਹ ਸਕੇਲਾਂ ਵਿੱਚ ਰੈਗੂਲਰ ਕੀਤਾ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ 8 ਅਗਸਤ ਨੂੰ ਲਾਲਾ ਲਾਜਪਤ ਰਾਏ ਮਿਊਸਪਲ ਪਾਰਕ ਕੋਟਕਪੂਰਾ ਵਿਖੇ , 12 ਅਗਸਤ ਨੂੰ ਸਬ ਤਹਿਸੀਲ ਪਿੰਡ ਸਾਦਿਕ ਵਿਖੇ ਰੋਸ ਧਰਨੇ ਦੇਣ ਤੋਂ ਬਾਅਦ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।