ਗ਼ਬਨ: ਪੀੜਤ ਕਿਸਾਨਾਂ ਨੂੰ ਤਿੰਨ ਸਾਲ ਬਾਅਦ ਵੀ ਨਾ ਮਿਲਿਆ ਇਨਸਾਫ਼
ਪਿੰਡ ਪੱਖੋਕੇ ਅਤੇ ਮੱਲ੍ਹੀਆਂ ਦੀ ਸਾਂਝੀ ਸਹਿਕਾਰੀ ਸਭਾ ਦਾ ਗਬਨ ਮਾਮਲਾ ਤਿੰਨ ਵਰ੍ਹਿਆਂ ਬਾਅਦ ਵੀ ਕਿਸੇ ਤਣ ਪੱਤਣ ਨਹੀ ਲੱਗਿਆ। ਉਥੇ ਅੱਜ ਗਬਨ ਮਾਮਲੇ ’ਚ ਨਾਮਜ਼ਦ ਮਰਹੂਮ ਸੈਕਟਰੀ ਦੇ ਪਰਿਵਾਰ ਦੇ ਜ਼ਮੀਨ ਦੀ ਇੱਕ ਪਰਿਵਾਰ ਵੱਲੋਂ ਅਦਾਲਤ ਰਾਹੀਂ ਨਿਲਾਮੀ ਲਿਆਂਦੀ ਗਈ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕਰਕੇ ਰੋਕਿਆ ਗਿਆ।
ਇਸ ਮੌਕੇ ਐਕਸ਼ਨ ਕਮੇਟੀ ਆਗੂ ਬੂਟਾ ਸਿੰਘ ਸਿੱਧੂ, ਗੁਰਚਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੁਸਾਇਟੀ ’ਚ ਕਰੋੜਾਂ ਦਾ ਘਪਲਾ ਕਰਨ ਵਾਲੇ ਸੈਕਟਰੀ ਦੇ ਪਰਿਵਾਰ ਦੀ ਜ਼ਮੀਨ ਮਾਲ ਮਹਿਕਮੇ ਵੱਲੋਂ ਸੁਸਾਇਟੀ ਦੇ ਨਾਮ ਅਟੈਚ ਕਰ ਦਿੱਤੀ ਗਈ ਸੀ ਪਰ ਹੁਣ ਇਸੇ ਜ਼ਮੀਨ ਦੀ ਇੱਕ ਵਿਅਕਤੀ ਵੱਲੋਂ ਅਦਾਲਤ ਰਾਹੀਂ ਨਿਲਾਮੀ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਈਏ ਦੀ ਠੱਗੀ ਮਾਰਨ ਵਾਲੇ ਸੈਕਟਰੀ ਦਾ ਪਰਿਵਾਰ ਆਪਣੀ ਜ਼ਮੀਨ ਚੋਰ-ਮੋਰੀ ਰਾਹੀਂ ਵੇਚਣਾ ਚਾਹੁੰਦਾ ਹੈ, ਪਰ ਉਹ ਕਿਸੇ ਵੀ ਵਿਅਕਤੀ ਦੇ ਨਿੱਜੀ ਹਿਤਾਂ ਲਈ ਇਹ ਨਿਲਾਮੀ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸਦੀ ਕਾਨੂੰਨੀ ਲੜਾਈ ਵੀ ਅਦਾਲਤ ਰਾਹੀਂ ਲੜਨ ਦਾ ਫ਼ੈਸਲਾ ਲਿਆ ਹੈ।
ਉਧਰ ਅੱਜ ਇਸ ਨਿਲਾਮੀ ਲਈ ਪਹੁੰਚੇ ਪਟਵਾਰੀ ਵਿਸ਼ਾਲ ਮੋਰਿਆ ਅਤੇ ਨਾਇਬ ਤਹਿਸੀਲਦਾਰ ਦੇ ਰੀਡਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਪਿੰਡ ਪੱਖੋਕੇ ਵਿਖੇ ਜ਼ਮੀਨ ਦੀ ਨਿਲਾਮੀ ਲਈ ਪਹੁੰਚੇ ਸਨ, ਜਿੱਥੇ ਕਿਸਾਨ ਜੱਥੇਬੰਦੀਆਂ ਤੇ ਲੋਕਾਂ ਦੇ ਵਿਰੋਧ ਕਾਰਨ ਨਿਲਾਮੀ ਨਹੀਂ ਹੋ ਸਕੀ।