ਸਮੱਸਿਆਵਾਂ ਦਾ ਗੜ੍ਹ ਬਣਿਆ ਡੱਬਵਾਲੀ-ਹਨੂੰਮਾਨਗੜ੍ਹ ਬਾਈਪਾਸ
ਸ਼ਹਿਰ ਦਾ ਡੱਬਵਾਲੀ ਬਾਈਪਾਸ ਅੱਜ-ਕੱਲ੍ਹ ਆਮ ਲੋਕਾਂ ਲਈ ਮੁਸੀਬਤਾਂ ਦਾ ਘਰ ਬਣ ਗਿਆ ਹੈ। ਇਸ ਸੜਕ ’ਤੇ ਪੈ ਚੁੱਕੇ ਵੱਡੇ-ਵੱਡੇ ਖੱਡਿਆਂ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ’ਤੇ ਸ਼ਹੀਦ ਊਧਮ ਸਿੰਘ ਚੌਕ ਤੋਂ ਤਲਵਾੜਾ ਰੋਡ ਦੇ ਵਿਚਕਾਰ ਨਾਥਾਂ ਵਾਲੇ ਮੁਹੱਲੇ ਦੇ ਸਾਹਮਣੇ ਤਾਂ ਐਨੈ ਵੱਡੇ ਖੱਡੇ ਬਣ ਗਏ ਹਨ ਕਿ ਲੋਕ ਸੜਕ ਛੱਡ ਕੇ ਆਸ-ਪਾਸ ਦੀ ਲੰਘਣ ਲਈ ਮਜਬੂਰ ਹੋ ਰਹੇ ਹਨ। ਇਸ ਇਲਾਕੇ ਦੇ ਘਰਾਂ ਵਿੱਚੋਂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਅਤੇ ਇੱਥੇ ਸਥਿਤ ਇੱਕ ਹੋਟਲ ਅਤੇ ਸਰਵਿਸ ਸਟੇਸ਼ਨ ਦਾ ਸਾਰਾ ਪਾਣੀ ਸੜਕ ’ਤੇ ਇਕੱਠਾ ਹੋ ਰਿਹਾ ਹੈ। ਇੱਥੇ ਸਾਰਾ ਦਿਨ ਬਦਬੂ ਫੈਲੀ ਰਹਿੰਦੀ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਇੱਥੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਸਿਰਸਾ ਤੋਂ ਹਨੂੰਮਾਨਗੜ੍ਹ ਜਾਣ ਵਾਲੀ ਮੁੱਖ ਸੜਕ ਹੈ ਅਤੇ ਇੱਥੋਂ ਰੋਜ਼ਾਨਾ ਸੈਂਕੜੇ ਵਾਹਨ ਲੰਘਦੇ ਹਨ। ਇੱਥੇ ਲਗਪਗ ਡੇਢ ਸਾਲ ਤੋਂ ਇਹੀ ਹਾਲਾਤ ਬਣੇ ਹੋਏ ਹਨ। ਇਹ ਇਲਾਕਾ ਢਾਣੀ ਬਚਨ ਸਿੰਘ ਦੇ ਅਧੀਨ ਆਉਂਦਾ ਹੈ। ਸਰਪੰਚ ਦੀ ਚੋਣ ਦੌਰਾਨ ਉਨ੍ਹਾਂ ਨਾਲ ਇੱਥੋਂ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕਰਨ ਦੇ ਵਾਅਦੇ ਕੀਤੇ ਗਏ ਸਨ ਪਰ ਬਾਅਦ ਵਿੱਚ ਕਿਸੇ ਨੇ ਆ ਕੇ ਉਨ੍ਹਾਂ ਦੀ ਸਾਰ ਨਹੀ ਲਈ ਜਿਸ ਕਾਰਨ ਲੋਕ ਇੱਥੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਲੋਕ ਲੰਬੇ ਸਮੇਂ ਤੋਂ ਇੱਥੋਂ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧਾਂ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ ਹੈ। ਲੋਕਾਂ ਨੇ ਇਸ ਸਮੱਸਿਆ ਦੇ ਜਲਦੀ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜੇ ਵੀ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਸੜਕ ਜਾਮ ਕਰਕੇ ਸਰਕਾਰ ਅਤੇ ਸਬੰਧਤ ਵਿਭਾਗ ਵਿਰੁੱਧ ਪ੍ਰਦਰਸ਼ਨ ਕਰਨਗੇ।