ਬਿਜਲੀ ਕਾਮਿਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੈਲੀ
ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵੱਲੋਂ 27 ਜੁਲਾਈ ਦੇ ਅੰਮ੍ਰਿਤਸਰ ਵਿੱਚ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਸਬ-ਡਿਵੀਜ਼ਨ ਦਫ਼ਤਰ ਭਗਤਾ ਭਾਈ ਵਿੱਚ ਚੇਤਨਾ ਰੈਲੀ ਕੀਤੀ ਗਈ। ਇਸ ਸਮੇਂ ਇਕੱਤਰ ਬਿਜਲੀ ਕਾਮਿਆਂ ਨੇ ਮੰਨੀਆਂ ਹੋਈਆਂ ਮੰਗਾਂ ਤੋਂ ਮੁਨਕਰ ਦੇ ਮਾਮਲੇ ’ਤੇ ਪੰਜਾਬ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਟੀਐੱਸਯੂ ਦੇ ਪ੍ਰਧਾਨ ਵਿਨੋਦ ਸਿੰਘ ਖ਼ਾਲਸਾ, ਸਰਕਲ ਪ੍ਰਧਾਨ ਬਲਜੀਤ ਸਿੰਘ ਤੇ ਐਂਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੋਂ ਮੁਨਕਰ ਦੇ ਮਾਮਲੇ ’ਤੇ ਬਿਜਲੀ ਮੁਲਾਜ਼ਮਾਂ ਵੱਲੋਂ 27 ਜੁਲਾਈ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਅੰਮ੍ਰਿਤਸਰ ਵਿੱਚ ਧਰਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਲਾਗੂ ਕੀਤੀਆਂ ਤਾਂ ਸਾਂਝੇ ਫੋਰਮ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ, ਡੀਏ, ਪੇਂਡੂ ਭੱਤਾ, 2016 ਦੇ 6ਵੇਂ ਪੇਅ ਕਮਿਸ਼ਨ ਦੇ ਏਰੀਅਰ ਦੀ ਬਹਾਲੀ, ਬਿਜਲੀ ਐਕਟ 2023 ਰੱਦ ਕਰਨ ਅਤੇ ਠੇਕਾ ਕਾਮਿਆਂ ਦੀ ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਇਸ ਰੈਲੀ ਨੂੰ ਮਹਿੰਦਰਪਾਲ ਸਿੰਘ ਸਕੱਤਰ, ਰਜਿੰਦਰ ਕੁਮਾਰ ਆਰਏ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਜਸਕਰਨ ਸਿੰਘ, ਕਮਲਦੀਪ ਸਿੰਘ, ਕਰਮਜੀਤ ਸਿੰਘ ਜੇਈ, ਸਤੀਸ਼ ਤਰੇੜੀਆ ਤੇ ਮਨੋਜ ਕੁਮਾਰ ਨੇ ਸੰਬੋਧਨ ਕੀਤਾ।