ਪਾਵਰਕੌਮ ਅਤੇ ਟਰਾਂਸਕੋ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਬਿਜਲੀ ਬਿਲ 2025 ਅਤੇ ਸਰਕਾਰੀ ਜ਼ਮੀਨਾਂ ਵੇਚਣ ਖ਼ਿਲਾਫ਼ ਇੱਥੇ ਥਰਮਲ ਕਲੋਨੀ ’ਚ ਰੋਸ ਰੈਲੀ ਕਰਨ ਬਾਅਦ ਭਾਈ ਘਨ੍ਹੱਈਆ ਚੌਕ ’ਚ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਆਵਾਜ਼ ਬੁਲੰਦ ਕੀਤੀ।
ਇਸ ਮੌਕੇ ਬਿਜਲੀ ਮੁਲਾਜ਼ਮਾਂ ਦੇ ਆਗੂਆਂ ਗੁਰਵਿੰਦਰ ਸਿੰਘ ਪੰਨੂ, ਹਰਪ੍ਰੀਤ ਸਿੰਘ ਅਤੇ ਰੇਸ਼ਮ ਸਿੰਘ ਨੇ ਕਿਹਾ ਕਿ ਬਿਜਲੀ ਐਕਟ-2025 ਅਤੇ ਸਰਕਾਰੀ ਜ਼ਮੀਨਾਂ ਵੇਚ ਕੇ ਵੱਡੀਆਂ ਕੰਪਨੀਆਂ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਮੁਲਾਜ਼ਮਾਂ ਦਾ ਨੁਕਸਾਨ ਹੋਵੇਗਾ, ਉੱਥੇ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਰੂਪ ’ਚ ਖ਼ਮਿਆਜ਼ਾ ਭੁਗਤਣਾ ਪਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਧਿਰ ਨੇ ਚੋਣਾਂ ਤੋਂ ਪਹਿਲਾਂ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪਰ ਇਹ ਮਸਲਾ ਹੱਲ ਕਰਨ ਦੀ ਬਜਾਏ ਸਰਕਾਰ ਡੰਗ-ਟਪਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਾਅਦਿਆਂ ਤੋਂ ਭੱਜ ਗਈ ਹੈ। ਇਸ ਮੌਕੇ ਗੁਰਦਿੱਤ ਸਿੰਘ ਗੋਰਾ, ਗੁਰਜੀਤ ਸਿੰਘ, ਗਗਨਦੀਪ ਸਿੰਘ ਅਤੇ ਅਨਿਲ ਕੁਮਾਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਭੁੱਚੋ ਮੰਡੀ (ਪਵਨ ਗੋਇਲ): ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਬਿਜਲੀ ਮੁਲਾਜ਼ਮਾਂ ਨੇ ਟੈਕਨੀਕਲ ਸਰਵਿਸ ਯੂਨੀਅਨ ਦੇ ਝੰਡੇ ਹੇਠ ਥਰਮਲ ਦੇ ਮੁੱਖ ਗੇਟ ਅੱਗੇ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ, ਜਨਰਲ ਸਕੱਤਰ ਅੰਤਰ ਸਿੰਘ ਜੇ ਈ, ਪ੍ਰਚਾਰ ਸਕੱਤਰ ਪਿਆਰਾ ਸਿੰਘ ਅਤੇ ਖਜ਼ਾਨਚੀ ਵਰਿੰਦਰ ਸਿੰਘ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਜਾ ਰਿਹਾ ਬਿਜਲ ਸੋਧ ਬਿੱਲ 2025 ਲੋਕ ਵਿਰੋਧੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਬਿੱਲ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਮਾਮਲੇ ਵਿੱਚ ਟਾਲ ਮਟੋਲ ਦੀ ਨੀਤੀ ’ਤੇ ਚੱਲ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰਾਂ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਗੁਰੂਹਰਸਹਾਏ (ਅਸ਼ੋਕ ਸੀਕਰੀ): ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਦੇ ਸੱੱਦੇ ’ਤੇ ਪੂਰੇ ਦੇਸ਼ ਵਿੱਚ 29 ਲੇਬਰ ਕਾਨੂੰਨਾਂ ਨੂੰ ਤੋੜਨ, ਬਿਜਲੀ ਸੋਧ ਬਿੱਲ 2025 ਪਾਸ ਕਰਨ, ਪਾਵਰਕੌਮ ਤੇ ਟਰਾਂਸਕੋ ਦੀਆਂ ਕੀਮਤੀ ਜਾਇਦਾਦਾਂ ਵੇਚਣ ਖ਼ਿਲਾਫ਼ ਗੁਰੂਹਰਸਹਾਏ ਬਿਜਲੀ ਦਫ਼ਤਰ ਦੇ ਗੇਟ ਅੱਗੇ ਰੋਸ ਰੈਲੀ ਕੀਤੀ ਗਈ। ਇਸ ਦੀ ਪ੍ਰਧਾਨਗੀ ਸੁਰਿੰਦਰ ਕੁਮਾਰ ਪ੍ਰਧਾਨ ਨੇ ਕੀਤੀ। ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਕੱਤਰ ਇੰਜ. ਸ਼ਿੰਗਾਰ ਚੰਦ ਮਹਿਰੋਕ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਨੇ 29 ਲੇਬਰ ਕਾਨੂੰਨਾਂ ਨੂੰ ਤੋੜ ਕੇ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਤੇ ਹੜਤਾਲ ’ਤੇ ਜਾਣ ਦਾ ਹੱਕ ਵੀ ਖੋਹ ਲਿਆ ਹੈ। ਇਸ ਨਾਲ ਮਜ਼ਦੂਰਾਂ ਦੀ ਡਿਊਟੀ ਵੀ 8 ਤੋਂ 12 ਘੰਟੇ ਕਰ ਦਿੱਤੀ ਜਾਵੇਗੀ। ਪੰਜਾਬ ਸਰਕਾਰ ਪਾਵਰਕੌਮ ਤੇ ਟਰਾਂਸਕੋ ਦੀਆਂ ਜਾਇਦਾਤਾਂ ਵੇਚਣ ਦੇ ਰਾਹ ਤੁਰੀ ਹੋਈ ਹੈ ਪਰ ਮੁਲਾਜ਼ਮ ਲੋਕਾਂ ਤੇ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਨਿੱਜੀਕਰਨ ਨਹੀਂ ਹੋਣ ਦੇਣਗੇ।
ਬਿਜਲੀ ਸੋਧ ਬਿਲ ਲੋਕ ਮਾਰੂ: ਨਰਾਇਣ ਦੱਤ
ਬਰਨਾਲਾ (ਪਰਸ਼ੋਤਮ ਬੱਲੀ): ਪਾਵਰਕੌਮ ਕਾਮਿਆਂ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ 4 ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇ ਰੋਹ ਦਾ ਪ੍ਰਗਟਾਵਾ ਕੀਤਾ। ਸਥਾਨਕ ਧਨੌਲਾ ਰੋਡ ਸਥਿਤ ਬਿਜਲੀ ਮਹਿਕਮੇ ਦੇ ਮੁੱਖ ਦਫ਼ਤਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਇੰਜ. ਗੁਰਲਾਭ ਸਿੰਘ, ਇੰਜ. ਰਾਜੇਸ਼ ਕੁਮਾਰ ਬੰਟੀ, ਕੁਲਵਿੰਦਰ ਸਿੰਘ, ਸੁਖਜੰਟ ਸਿੰਘ, ਪ੍ਰਗਟ ਸਿੰਘ ਕੋਟਦੁੱਨਾ, ਬਲਵੰਤ ਸਿੰਘ ਬਰਨਾਲਾ ਤੇ ਰਜਿੰਦਰ ਪਾਲ ਸਿੰਘ ਮਿੰਟੂ ਆਦਿ ਨੇ ਕਿਹਾ ਕਿ ਇਹ ਕਿਰਤ ਕੋਡ ਕਾਮਿਆਂ ਦੇ ਹਿੱਤਾਂ ਲਈ ਨਹੀਂ ਸਗੋਂ ਕੇਂਦਰ ਸਰਕਾਰ ਵੱਲੋਂ ਪੂੰਜੀਪਤੀਆਂ ਦੇ ਹਿੱਤਾਂ ਲਈ ਲਾਗੂ ਕੀਤੇ ਹਨ। ਅਲਾਦੀਨ, ਗੁਰਮੁੱਖ ਸਿੰਘ, ਅਮਨਦੀਪ ਕੌਰ ਆਦਿ ਨੇ ਕਿਹਾ ਕਿ ਇਹ ਫ਼ੈਸਲਾ ਮਜ਼ਦੂਰਾਂ ਨੂੰ ਮਾਲਕਾਂ ਦੀ ਗ਼ੁਲਾਮੀ ਵੱਲ ਧੱਕਣ ਲਈ ਰਾਹ ਪੱਧਰਾ ਕਰੇਗਾ। ਇਸੇ ਹੀ ਤਰ੍ਹਾਂ ਬਿਜਲੀ ਸੋਧ ਬਿਲ-2025 ਬਾਰੇ ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਇਹ ਸੋਧ ਬਿੱਲ ਨਿਗਮੀਕਰਨ ਤੋਂ ਨਿੱਜੀਕਰਨ ਵੱਲ ਕੇਂਦਰ ਸਰਕਾਰ ਦੀ ਵੱਡੀ ਪੁਲਾਂਘ ਹੈ। ਇਹ ਸੋਧ ਬਿੱਲ ਲਾਗੂ ਹੋਣ ਨਾਲ ਪੰਜਾਬ ਦੇ ਬਿਜਲੀ ਕਾਮਿਆਂ ਸਣੇ ਤਿੰਨ ਕਰੋੜ ਲੋਕ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਣਗੇ। ਕਿਸਾਨਾਂ ਅਤੇ ਹੋਰ ਵਰਗਾਂ ਨੂੰ ਹਾਸਲ ਸਬਸਿਡੀਆਂ ਦਾ ਭੋਗ ਪਾਉਣ ਲਈ ਰਾਹ ਪੱਧਰਾ ਹੋ ਜਾਵੇਗਾ।

