ਬਿਜਲੀ ਮੁਲਾਜ਼ਮਾਂ ਨੇ ਪਾਵਰਕੌਮ ਮੈਨੇਜਮੈਂਟ ਤੇ ਸਰਕਾਰ ਵਿਰੁੱਧ ਧਰਨਾ ਲਾਇਆ
ਪਾਵਰਕੌਮ ਤੇ ਟਰਾਂਸਕੋ ਮੁਲਾਜ਼ਮ ਸਾਂਝੀ ਸੰਘਰਸ਼ ਕਮੇਟੀ, ਬਿਜਲੀ ਮੁਲਾਜ਼ਮ ਏਕਤਾ ਮੰਚ ਤੇ ਜੁਆਇੰਟ ਫ਼ੋਰਮ ਤਾਲਮੇਲ ਕਮੇਟੀ ਦੇ ਸੱਦੇ ’ਤੇ ਸਥਾਨਕ ਧਨੌਲਾ ਰੋਡ ਸਥਿਤ ਮੁੱਖ ਬਿਜਲੀ ਦਫ਼ਤਰ ਵਿਖੇ ਸੂਬਾ ਆਗੂ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਦਾ ਬਿਜਲੀ ਮੁਲਾਜ਼ਮਾਂ ਦਾ ਧਰਨਾ ਰੋਹ ਭਰਪੂਰ ਰਿਹਾ।
ਸਮੂਹਿਕ ਛੁੱਟੀ ਲੈਕੇ ਤਿੰਨ ਦਿਨਾਂ ਤੋਂ ਮੁਲਾਜ਼ਮ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਦਾ ਪਿੱਟ ਸਿਆਪਾ ਕਰ ਰਹੇ ਹਨ। ਸੁਣਵਾਈ ਨਾ ਹੁੰਦੀ ਦੇਖ ਦੋ ਦਿਨ ਦੀ ਹੋਰ ਸਮੂਹਿਕ ਛੁੱਟੀ ਵਧਾ ਦਿੱਤੀ ਗਈ ਹੈ। ਅੱਜ ਭਰਾਤਰੀ ਜਥੇਬੰਦੀਆਂ ਨੇ ਵੀ ਕਾਫ਼ਲੇ ਬੰਨ ਸ਼ਿਰਕਤ ਕੀਤੀ ਤੇ ਹਮਾਇਤ ਦਾ ਐਲਾਨ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਇੰਜ: ਗੁਰਲਾਭ ਸਿੰਘ ਮੌੜ, ਹਰਬੰਸ ਸਿੰਘ ਦਿਦਾਰਗੜ੍ਹ, ਸਤਿੰਦਰਪਾਲ ਜੱਸੜ, ਹਾਕਮ ਸਿੰਘ ਨੂਰ, ਜਗਤਾਰ ਸਿੰਘ ਖੇੜੀ, ਕੁਲਵੀਰ ਸਿੰਘ ਔਲਖ਼ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਕਾ.ਮੱਖਣ ਰਾਮਗੜ੍ਹ ਆਦਿ ਨੇ ਕਿਹਾ ਕਿ ਮੈਨੇਜਮੈਂਟ ਤੇ ਸਰਕਾਰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਵੀ ਲਾਗੂ ਕਰਨ ਦੀ ਬਜਾਏ ਐਸਮਾ ਕਾਨੂੰਨ ਤਹਿਤ ਕਾਰਵਾਈ ਦੀਆਂ ਧਮਕੀਆਂ ਦੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ। ਪਰ ਹੱਕਾਂ ਲਈ ਜੂਝਣ ਵਾਲਿਆਂ ਨੂੰ ਡਰਾਇਆ ਨਹੀਂ ਜਾ ਸਕਦਾ। ਆਗੂਆਂ ਕਿਹਾ ਕਿ ਜੇਕਰ ਮੰਗਾਂ ਦੀ ਫੌਰੀ ਪੂਰਤੀ ਨਾ ਹੋਈ ਤਾਂ ਸੰਘਰਸ਼ ਹੋਰ ਵੱਡਾ ਕੀਤਾ ਜਾਵੇਗਾ।