ਬਿਜਲੀ ਮੁਲਾਜ਼ਮਾਂ ਵੱਲੋਂ ਭੁੱਚੋ ਮੰਡੀ ਤੇ ਮਹਿਲ ਕਲਾਂ ’ਚ ਮੁਜ਼ਾਹਰੇ
ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਜੂਨੀਅਰ ਇੰਜਨੀਅਰ ਐਸੋਸੀਏਸ਼ਨ, ਗਰਿੱਡ ਸਬ ਸਟੇਸ਼ਨ ਐਂਪਲਾਈਜ਼ ਯੂਨੀਅਨ 24 ਪੰਜਾਬ, ਪੈਨਸ਼ਨਰ ਫੈਡਰੇਸ਼ਨ ਏਟਕ ਪੰਜਾਬ, ਅਤੇ ਵੈਲਫੇਅਰ ਪੈਨਸ਼ਨਰ ਫੈਡਰੇਸ਼ਨ ਪੰਜਾਬ ਦੇ ਸੱਦੇ ’ਤੇ ਅੱਜ ਐਂਪਲਾਈਜ਼ ਫੈਡਰੇਸ਼ਨ (ਚਾਹਲ) ਨੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਫੈਡਰੇਸ਼ਨ ਦੇ ਆਗੂ ਬਲਜੀਤ ਸਿੰਘ ਬਰਾੜ, ਲਖਵੰਤ ਸਿੰਘ ਬਾਂਡੀ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਜਗਦੀਸ਼ ਰਾਮਪੁਰਾ, ਜਗਦੇਵ ਸਿੰਘ ਮਾਨ , ਗੁਰਸੇਵਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕੌਮ ਦੇ ਪ੍ਰਬੰਧਕਾਂ ਅਤੇ ਜਥੇਬੰਦੀਆਂ ਵਿੱਚਕਾਰ 2 ਜੂਨ ਨੂੰ ਹੋਈ ਮੀਟਿੰਗ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 6ਵੇ ਪੇਅ ਕਮਿਸ਼ਨ ਦੀਆਂ ਤਰੁੱਟੀਆ ਦੂਰ ਕਰਨ, ਜੇਈ ਕੈਟਾਗਿਰੀ ਦੇ ਬਰਾਬਰ ਥਰਮਲ ਕੈਟਾਗਿਰੀਆਂ ਨੂੰ ਸ਼ੁਰੂਆਤੀ ਸਕੇਲ ’ਚ ਵਾਧਾ ਕਰਨ, ਥਰਮਲ ਪਲਾਂਟਾ ਦੀਆਂ ਖ਼ਤਮ ਕੀਤੀਆਂ ਅਸਾਮੀਆਂ ਬਹਾਲ ਕਰਨ, ਆਊਟਸੋਰਸਿੰਗ ਕਾਮਿਆਂ ਨੂੰ ਮਹਿਕਮੇ ਵਿੱਚ ਮਰਜ ਕਰਨ ਆਦਿ ਮੰਗਾਂ ’ਤੇ ਸਹਿਮਤੀ ਬਣੀ ਸੀ, ਪਰ ਹਾਲੇ ਤੱਕ ਇਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਦੇ ਵਿਰੋਧ ਵਿੱਚ 27 ਜੁਲਾਈ 2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਿਜਲੀ ਮੰਤਰੀ ਦੀ ਕੋਠੀ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਥਰਮਲ ਕਾਮਿਆਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸੇ ਤਰ੍ਹਾਂ ਪਾਵਰਕੌਮ ਕਰਮਚਾਰੀਆਂ ਵੱਲੋਂ ਮੁਲਾਜ਼ਮ ਯੂਨਾਈਟਡ ਆਰਗਨਾਈਜ਼ਰ ਦੇ ਸੱਦੇ ’ਤੇ ਸਬ ਡਿਬੀਜ਼ਨ ਮਹਿਲ ਕਲਾਂ ਵਿਚ ਪਾਵਰਕਾਮ ਦੇ ਗਰਿੱਡ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਕਾਲੀਆ ਪੱਟੀਆਂ ਬੰਨ੍ਹ ਕੇ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀ ਦੇ ਆਗੂ ਸੁਖਪਾਲ ਸਿੰਘ, ਹਰਮਿੰਦਰ ਸਿੰਘ ਅਤੇ ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ।