ਪਾਵਰਕੌਮ ਸਾਂਝੀ ਸੰਘਰਸ਼ ਕਮੇਟੀ ਸਰਕਲ ਬਰਨਾਲਾ ਦੀ ਮੀਟਿੰਗ ਕਨਵੀਨਰ ਗੁਰਲਾਭ ਸਿੰੰਘ ਏ ਏ ਈ ਦੀ ਪ੍ਰਧਾਨਗੀ ਹੇਠ ਸਥਾਨਕ ਧਨੌਲਾ ਰੋਡ 66 ਕੇ ਵੀ ਗਰਿੱਡ ਕੰਪਲੈਕਸ ਵਿਖੇ ਹੋਈ। ਮੀਟਿੰਗ ਵਿੱਚ ਪਾਵਰਕੌਮ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਲਗਾਉਣ ਦਾ ਮਾਮਲੇ ਸਬੰਧੀ ਗੰਭੀਰਤਾ ਨਾਲ ਚਰਚਾ ਕੀਤੀ ਗਈ। ਪ੍ਰਧਾਨ ਗੁਰਲਾਭ ਸਿੰਘ ਮੌੜ ਨੇ ਕਿਹਾ ਕਿ ਪਾਵਰਕੌਮ ਮੁਲਾਜ਼ਮਾਂ ਦੀ ਨਫ਼ਰੀ ਦੀ ਘਾਟ ਕਾਰਨ ਪਹਿਲਾਂ ਹੀ ਵਰਕਿੰਗ ਕਰਮਚਾਰੀਆਂ 'ਤੇ ਕੰਮ ਦਾ ਬੇਤਹਾਸ਼ਾ ਬੋਝ ਹੈ। ਉੱਪਰੋਂ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੀ ਵਾਧੂ ਜ਼ਿੰਮੇਵਾਰੀ ਮੁਲਾਜ਼ਮਾਂ 'ਤੇ ਠੋਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਘਰੇਲੂ ਅਤੇ ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਵਿਭਾਗੀ ਸਪਲਾਈ ਕਾਰਜ ਪ੍ਰਭਾਵਿਤ ਹੋਣ ਨਾਲ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ ਉੱਥੇ ਸੱਤਾਧਾਰੀ ਪਾਰਟੀ ਦੇ ਅਕਸ ਨੂੰ ਲੱਗਣ ਵਾਲੇ ਧੱਕੇ ਨਾਲ ਵੀ ਭਾਰੀ ਸਿਆਸੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਸਰਕਾਰ ਤੇ ਵਿਭਾਗੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਅਜਿਹੇ ਹਾਲਾਤਾਂ ਦੇ ਚਲਦਿਆਂ ਤਾ ਵਿਚ ਪਾਵਰਕਾਮ ਅਧਿਕਾਰੀਆਂ ਤੇ ਕਰਮਚਾਰੀਆ ਦੀ ਵਾਧੂ ਡਿਊਟੀਆਂ ਨਾ ਲਾਈਆਂ ਜਾਣ ਅਤੇ ਲਾਈਆਂ ਗਈਆਂ ਡਿਊਟੀਆ ਤਰੁੰਤ ਕੱਟੀਆਂ ਜਾਣ ਤਾਂ ਕਿ ਪਾਵਰਕਾਮ ਅਧਿਕਾਰੀ ਅਤੇ ਕਰਮਚਾਰੀ ਆਪਣੀ ਬਣਦੀ ਡਿਊਟੀ ਕਰਦੇ ਹੋਏ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇ ਸਕਣ। ਇਸ ਮੌਕੇ ਸਤਿੰਦਰਪਾਲ ਸਿੰਘ, ਹਰਬੰਸ ਸਿੰਘ ਦੀਦਾਰਗੜ੍ਹ, ਕਮਲਜੀਤ ਸਿੰਘ ਝਲੂਰ, ਕੁਲਬੀਰ ਸਿੰਘ, ਗੁਰਵਿੰਦਰ ਸਿੰਘ ਸੰਧੂ, ਜਸਪ੍ਰਤਾਪ ਸਿੰਘ ਜੇਈ ਅਤੇ ਮਹਿੰਦਰ ਸਿੰਘ ਰੂੜੇਕੇ ਸਟੇਟ ਆਗੂ ਆਦਿ ਹਾਜ਼ਰ ਸਨ।
+
Advertisement
Advertisement
Advertisement
×