ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਸਬੰਧੀ ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪੋਲਿੰਗ ਵਾਲੇ ਦਿਨ ਬੂਥਾਂ
ਉੱਪਰ ਤਾਇਨਾਤ ਹੋਣ ਵਾਲੇ ਚੋਣ ਅਮਲੇ ਨੂੰ ਦੋ ਦਿਨ ਰਿਹਰਸਲ ਕਰਵਾਈ ਗਈ। ਇਸ ਦੌਰਾਨ 200 ਦੇ ਕਰੀਬ ਪੋਲਿੰਗ ਪਾਰਟੀਆਂ ਨੇ ਹਿੱਸਾ ਲਿਆ। ਰਿਟਰਨਿੰਗ ਅਫਸਰ ਸੰਤੋਖ ਸਿੰਘ ਅਤੇ ਨਾਇਬ ਤਹਿਸੀਲਦਾਰ ਮਲੂਕ ਸਿੰਘ ਜ਼ੀਰਾ ਦੀ ਦੇਖਰੇਖ ਹੇਠ ਕਰਵਾਈ ਗਈ ਇਸ ਰਿਹਰਸਲ ਦੌਰਾਨ ਮਾਸਟਰ ਟ੍ਰੇਨਰ ਅਤੇ ਸੈਕਟਰ ਅਫਸਰਾਂ ਵੱਲੋਂ ਪੋਲਿੰਗ ਪਾਰਟੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੈਲਟ ਬਾਕਸ, ਵੋਟ ਪਰਚੀ ਅਤੇ ਪੋਲਿੰਗ ਵਾਲੇ ਦਿਨ ਵਰਤੀ
ਜਾਣ ਵਾਲੀ ਸਟੇਸ਼ਨਰੀ ਅਤੇ ਫਾਰਮਾਂ ਸਬੰਧੀ ਜਾਣੂ ਕਰਵਾਇਆ ਗਿਆ।
ਇਸ ਰਿਹਰਸਲ ਦੌਰਾਨ ਐੱਸ ਡੀ ਐੱਮ ਜ਼ੀਰਾ ਅਰਵਿੰਦਰਪਾਲ ਸਿੰਘ ਵੱਲੋਂ ਅਚਨਚੇਤ ਨਿਰੀਖਣ ਵੀ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਚੋਣ ਅਮਲੇ ਨਾਲ ਗੱਲਬਾਤ ਕਰਕੇ ਹਦਾਇਤਾਂ ਜਾਰੀ ਕੀਤੀਆਂ ਕਿ ਚੋਣ ਡਿਊਟੀ ਸਬੰਧੀ ਕੋਈ ਵੀ ਅਧਿਕਾਰੀ ਕਰਮਚਾਰੀ ਕੁਤਾਹੀ ਨਾ ਵਰਤੇ ਅਤੇ ਚੋਣ ਡਿਊਟੀ ਸਬੰਧੀ ਕੁਤਾਹੀ ਅਤੇ ਗੈਰ ਹਾਜ਼ਰੀ ਵਾਲੇ ਅਧਿਕਾਰੀਆਂ ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਦੇ ਨਾਲ- ਨਾਲ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੀ ਕਾਰਵਾਈ ਕੀਤੀ ਜਾਵੇਗੀ।

