ਭਾਰਤੀ ਕਮਿਊਨਿਸਟ ਪਾਰਟੀ ਦਾ ਚੋਣ ਇਜਲਾਸ
ਮਿੱਠੂ ਸਿੰਘ ਘੁੱਦਾ ਤਹਿਸੀਲ ਸਕੱਤਰ, ਰਾਜਾ ਸਿੰਘ ਦਾਨ ਸਿੰਘ ਵਾਲਾ ਮੀਤ ਸਕੱਤਰ ਚੁਣੇ
ਸਥਾਨਕ ਚਿਲਡਰਨ ਪਾਰਕ ਵਿੱਚ ਗੁਰਜੰਟ ਸਿੰਘ ਕੋਟਸ਼ਮੀਰ ਅਤੇ ਰਾਜਾ ਸਿੰਘ ਦਾਨ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਬਠਿੰਡਾ ਦਾ ਡੈਲੀਗੇਟ ਚੋਣ ਇਜਲਾਸ ਸਫਲਤਾਪੂਰਵਕ ਸਮਾਪਤ ਹੋਇਆ। ਇਜਲਾਸ ਵਿੱਚ ਪਾਰਟੀ ਦੇ ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਰੇਗਾ ਦਾ ਕੰਮ ਬੰਦ ਕਰਕੇ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ, ਜਿਸ ਨਾਲ ਹਾਲਾਤ ਭੁੱਖਮਰੀ ਵਰਗੇ ਬਣ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਕੰਮ ਨੂੰ ਤੁਰੰਤ ਮੁੜ ਸ਼ੁਰੂ ਕੀਤਾ ਜਾਵੇ। ਇਜਲਾਸ ਦੌਰਾਨ ਮਜ਼ਦੂਰ ਆਗੂ ਮੱਖਣ ਸਿੰਘ ਗੁਰੂਸਰ ਅਤੇ ਕੂਕਾ ਸਿੰਘ ਨਥਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਬਿੱਲ 2025 ਰਾਹੀਂ ਗਰੀਬ ਤੇ ਨਿਮਨ ਵਰਗ ਨੂੰ ਬਿਜਲੀ ਦੀ ਪਹੁੰਚ ਤੋਂ ਦੂਰ ਕਰ ਰਹੀ ਹੈ, ਜਦਕਿ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ’ਤੇ ਚੁੱਪੀ ਸਾਧੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਉਠਾਏ। ਕਿਸਾਨ ਆਗੂ ਜਸਵੀਰ ਸਿੰਘ ਆਕਲੀਆ ਅਤੇ ਦਰਸ਼ਨ ਸਿੰਘ ਫੁੱਲੋਮਿੱਠੀ ਨੇ ਕੇਂਦਰ ਸਰਕਾਰ ਦੇ ਸੀਡ ਐਕਟ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਬਿੱਲ ਨਾਲ ਬੀਜਾਂ ਦੀ ਮਾਰਕੀਟ ਪ੍ਰਾਈਵੇਟ ਕੰਪਨੀਆਂ ਦੇ ਕਬਜ਼ੇ ਹੇਠ ਆ ਜਾਵੇਗੀ, ਜਿਸ ਨਾਲ ਛੋਟਾ ਕਿਸਾਨ ਖੇਤੀ ਤੋਂ ਬਾਹਰ ਹੋ ਜਾਵੇਗਾ ਅਤੇ ਬੇਰੁਜ਼ਗਾਰੀ ਵਧੇਗੀ। ਉਹਨਾਂ ਮੰਗ ਕੀਤੀ ਕਿ ਸੀਡ ਬਿੱਲ 2025 ਵਾਪਸ ਲਿਆ ਜਾਵੇ ਅਤੇ ਸਰਕਾਰੀ ਯੂਨੀਵਰਸਿਟੀਆਂ ਨੂੰ ਖੋਜ ਲਈ ਵੱਧ ਬਜਟ ਮੁਹੱਈਆ ਕਰਵਾਇਆ ਜਾਵੇ। ਇਜਲਾਸ ਵਿਚ ਤਹਿਸੀਲ ਕਮੇਟੀ ਅਤੇ ਜ਼ਿਲਾ ਇਜਲਾਸ ਲਈ ਡੈਲੀਗੇਟਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਤਹਿਸੀਲ ਕਮੇਟੀ ਵੱਲੋਂ ਮਿੱਠੂ ਸਿੰਘ ਘੁੱਦਾ ਨੂੰ ਤਹਿਸੀਲ ਸਕੱਤਰ ਅਤੇ ਰਾਜਾ ਸਿੰਘ ਦਾਨ ਸਿੰਘ ਵਾਲਾ ਨੂੰ ਮੀਤ ਸਕੱਤਰ ਚੁਣਿਆ ਗਿਆ।

