ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਭਲਕੇ
ਕਾਂਗਰਸ ਵੱਲੋਂ ਹਰਵਿੰਦਰ ਸਿੰਘ ਲੱਡੂ ਤੇ ਮੈਦਾਨ ’ਚ; ‘ਆਪ’ ਸ਼ਾਮ ਲਾਲ ਜੈਨ ਦੇ ਸਕਦੇ ਨੇ ਚੁਣੌਤੀ
ਬਠਿੰਡਾ ਨਗਰ ਨਿਗਮ ਵਿੱਚ ਪਿਛਲੇ ਲਗਪਗ ਛੇ ਮਹੀਨਿਆਂ ਤੋਂ ਖਾਲੀ ਪਈ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ 4 ਨਵੰਬਰ ਨੂੰ ਭਰੀ ਜਾਣ ਜਾ ਰਹੀ ਹੈ। ਇਸ ਅਹੁਦੇ ਲਈ ਵੱਖ-ਵੱਖ ਪਾਰਟੀਆਂ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਮੇਅਰ ਦੇ ਸਲਾਹਕਾਰ ਅਤੇ ਤਿੰਨ ਵਾਰ ਤੋਂ ਕੌਂਸਲਰ ਰਹਿ ਚੁੱਕੇ ਸ਼ਾਮ ਲਾਲ ਜੈਨ ਨੂੰ ਮਜ਼ਬੂਤ ਦਾਵੇਦਾਰ ਮੰਨਿਆ ਜਾ ਰਿਹਾ ਹੈ, ਜਦਕਿ ਕਾਂਗਰਸ ਵੱਲੋਂ ਕੌਂਸਲਰ ਹਰਵਿੰਦਰ ਸਿੰਘ ਲੱਡੂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਦੂਜੇ ਪਾਸੇ ਅਕਾਲੀ ਦਲ ਵੱਲੋਂ ਹਾਲੇ ਤੱਕ ਕੋਈ ਸਪੱਸ਼ਟ ਰਣਨੀਤੀ ਸਾਹਮਣੇ ਨਹੀਂ ਆਈ।ਨਗਰ ਨਿਗਮ ਦਫ਼ਤਰ ਵੱਲੋਂ 50 ਕੌਂਸਲਰਾਂ, ਡਵੀਜ਼ਨਲ ਕਮਿਸ਼ਨਰ ਅਤੇ ਹਲਕਾ ਵਿਧਾਇਕ ਨੂੰ ਚੋਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਚੋਣ 4 ਨਵੰਬਰ ਦੁਪਹਿਰ 12:30 ਵਜੇ ਨਗਰ ਨਿਗਮ ਮੀਟਿੰਗ ਹਾਲ ਵਿੱਚ ਹੋਵੇਗੀ।
ਗੌਰਤਲਬ ਹੈ ਕਿ ਫਰਵਰੀ ਦੇ ਪਹਿਲੇ ਹਫ਼ਤੇ ਪਦਮਜੀਤ ਸਿੰਘ ਮਹਿਤਾ ਨੇ ਮੇਅਰ ਦਾ ਅਹੁਦਾ ਸੰਭਾਲਿਆ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੋਵੇਂ ਅਹੁਦੇ ਖਾਲੀ ਹੋਏ ਸਨ। ਆਵਿਸ਼ਵਾਸ ਮਤਾ ਲਾਗੂ ਹੋਣ ‘ਤੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਅਸ਼ੋਕ ਪ੍ਰਧਾਨ ਨੂੰ ਦੋ ਤਿਹਾਈ ਤੋਂ ਵੱਧ ਬਹੁਮਤ ਨਾਲ ਹਟਾਇਆ ਗਿਆ ਸੀ। ਇਸ ਦੌਰਾਨ ਸ਼ਾਮ ਲਾਲ ਜੈਨ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਤੇ ਬਾਅਦ ਵਿੱਚ ਮੇਅਰ ਵਲੋਂ ਸਲਾਹਕਾਰ ਨਿਯੁਕਤ ਹੋਏ।ਅੱਜ ਕਾਂਗਰਸ ਜਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਹਰਵਿੰਦਰ ਸਿੰਘ ਲੱਡੂ ਦੇ ਨਾਮ ‘ਤੇ ਮੋਹਰ ਲਗਾਈ ਗਈ। ੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਕੇ. ਕੇ. ਅਗਰਵਾਲ ਨੇ ਮੰਗ ਕੀਤੀ ਕਿ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਇਕੱਠੀ ਕਰਵਾਈ ਜਾਵੇ। ਉਨ੍ਹਾਂ ਨੇ ਜਿਥੇ ਚੋਣ ਰੱਦ ਕਰਨ ਦੀ ਮੰਗ ਕੀਤੀ, ਉਥੇ ਚੋਣ ਪ੍ਰਕਿਰਿਆ ‘ਚ ਹੇਰਾਫੇਰੀ ਦੇ ਸੰਕੇ ਜ਼ਾਹਿਰ ਕਰਦਿਆਂ ਨਿਗਮ ਪ੍ਰਸ਼ਾਸਨ ’ਤੇ ਨਿਸ਼ਾਨਾ ਵੀ ਸੇਧਿਆ।

