ਸੰਸਦ ਮੈਂਬਰ ਖ਼ਾਲਸਾ ਵੱਲੋਂ ਚੋਣ ਪ੍ਰਚਾਰ
ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਅਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਅਕਾਲੀ ਦਲ (ਪੁਨਰ ਸੁਰਜੀਤ) ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਜ਼ੋਨ ਮਹਿਣਾ ਤੋਂ ਉਮੀਦਵਾਰ...
ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਅਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਅਕਾਲੀ ਦਲ (ਪੁਨਰ ਸੁਰਜੀਤ) ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਜ਼ੋਨ ਮਹਿਣਾ ਤੋਂ ਉਮੀਦਵਾਰ ਲਖਵੰਤ ਸਿੰਘ ਗਿੱਲ, ਜ਼ੋਨ ਗਲੋਟੀ ਤੋਂ ਰਾਜਦੀਪ ਸਿੰਘ ਅਤੇ ਜ਼ੋਨ ਡਾਲਾ ਤੋਂ ਹਰਮਨਦੀਪ ਸਿੰਘ ਪੁਰੇਵਾਲ ਦੇ ਹੱਕ ਵਿੱਚ ਪ੍ਰਚਾਰ ਕੀਤਾ। ਇਸਦੇ ਨਾਲ ਹੀ ਬਲਾਕ ਸਮਿਤੀ ਧਰਮਕੋਟ ਅਤੇ ਕੋਟ ਈਸੇ ਖਾਂ ਦੇ ਉਮੀਦਵਾਰਾਂ ਲਈ ਵੀ ਵੋਟਾਂ ਪਾਉਣ ਦੀ ਅਪੀਲ ਕੀਤੀ। ਦੋਵਾਂ ਆਗੂਆਂ ਨੇ ਪਿੰਡ ਤਲਵੰਡੀ ਮੱਲ੍ਹੀਆਂ, ਕ੍ਰਿਸ਼ਨਪੁਰਾ ਕਲਾਂ, ਖੋਸਾ ਕੋਟਲਾ ਸਣੇ ਕਈ ਪਿੰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਹਰਪਾਲ ਸਿੰਘ, ਬਲਦੇਵ ਸਿੰਘ ਕੰਗ, ਜਗਬੀਰ ਸਿੰਘ ਰਜਿੰਦਰ ਸਿੰਘ ਕਪੂਰੇ, ਜਗਦੇਵ ਸਿੰਘ, ਗੁਰਬਖਸ਼ ਸਿੰਘ, ਚਰਨਜੀਤ ਸਿੰਘ, ਸੋਹਨ ਸਿੰਘ, ਗੁਰਮੀਤ ਸਿੰਘ ਮੱਲੀ, ਕੁਲਦੀਪ ਸਿੰਘ ਏਡੀਓ, ਸੁਖਵਿੰਦਰ ਸਿੰਘ ਦਾਤੇਵਾਲ, ਭਗਵਾਨ ਸਿੰਘ ਅਟਾਰੀ ਆਦਿ ਆਗੂ ਵੀ ਹਾਜ਼ਰ ਸਨ। -
ਵਜੀਦਪੁਰ ਜ਼ੋਨ ’ਚ ਮੁਕਾਬਲਾ ਸਖ਼ਤ
ਤਲਵੰਡੀ ਭਾਈ: ਫ਼ਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਗੁਰਪ੍ਰੀਤ ਸਿੰਘ ਸੇਖੋਂ ਦੇ ਆਜ਼ਾਦ ਧੜੇ ਕਰ ਕੇ ਜ਼ਿਲ੍ਹਾ ਪਰਿਸ਼ਦ ਜ਼ੋਨ ਵਜੀਦਪੁਰ ਦੀ ਸੀਟ ‘ਹੌਟ’ ਬਣ ਗਈ ਹੈ। ਇੱਥੇ ‘ਆਪ’ ਅਤੇ ਗੁਰਪ੍ਰੀਤ ਸੇਖੋਂ ਦੇ ਉਮੀਦਵਾਰਾਂ ਵਿਚਕਾਰ ਮੁੱਖ ਮੁਕਾਬਲਾ ਹੈ। ਜਨਰਲ ਵਰਗ ਦੀਆਂ ਔਰਤਾਂ ਲਈ ਰਾਖਵੀਂ ਇਸ ਸੀਟ ਤੋਂ ਗੁਰਪ੍ਰੀਤ ਸੇਖੋਂ ਦੀ ਪਤਨੀ ਮਨਦੀਪ ਕੌਰ ਸੇਖੋਂ ਤੇ ‘ਆਪ’ ਵੱਲੋਂ ਪਾਰਟੀ ਆਗੂ ਮਨਵਿੰਦਰ ਸਿੰਘ ਸੰਧੂ ਦੀ ਪਤਨੀ ਪ੍ਰੀਤ ਕਮਲ ਕੌਰ ਸੰਧੂ ਚੋਣ ਮੈਦਾਨ ਵਿੱਚ ਹਨ। ਵਿਧਾਇਕ ਦਹੀਆ ਸਰਕਾਰ ਦੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ। ਮਨਵਿੰਦਰ ਸੰਧੂ ਕਿਸੇ ਦਾ ਨਾਂ ਲਏ ਬਿਨਾਂ ਹਥਿਆਰਬੰਦ ਦਸਤੇ ਨਾਲ ਲੈ ਕੇ ਚੱਲਣ ਵਾਲਿਆਂ ’ਤੇ ਉਂਗਲ ਚੁੱਕਦੇ ਹਨ। ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵੀ ਵਿਧਾਇਕ ਦਹੀਆ ਦੀ ‘ਬੋਲ ਬਾਣੀ’ ਨੂੰ ਕੇਂਦਰ ਵਿੱਚ ਰੱਖਦੇ ਹਨ। -ਨਿੱਜੀ ਪੱਤਰ ਪ੍ਰੇਰਕ
ਹੋਲੀ ਹਾਰਟ ਸਕੂਲ ’ਚ ਕੈਂਸਰ ਜਾਂਚ ਕੈਂਪ
ਮਹਿਲ ਕਲਾਂ: ਜੀ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿੱਚ ਵਰਲਡ ਕੈਂਸਰ ਹੈਲਥ ਕੇਅਰ ਦੇ ਬ੍ਰਾਂਡ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਕੈਂਸਰ ਜਾਂਚ ਕੈਂਪ ਲਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਐੱਸ ਡੀ ਐੱਮ ਬੇਅੰਤ ਸਿੰਘ ਸਿੱਧੂ, ਡੀ ਐੱਸ ਪੀ ਜਸਪਾਲ ਸਿੰਘ ਧਾਲੀਵਾਲ ਅਤੇ ਐੱਸ ਐੱਚ ਓ ਸਰਬਜੀਤ ਸਿੰਘ ਪਹੁੰਚੇ। ਇਸ ਮੌਕੇ 450 ਮਰੀਜ਼ਾਂ ਦੀ ਜਾਂਚ ਕੀਤੀ ਗਈ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਸਕੂਲ ਦੇ ਐੱਮ ਡੀ ਸ਼ੁਸ਼ੀਲ ਗੋਇਲ ਨੇ ਕਿਹਾ ਕਿ ਸਕੂਲ ਵਿੱਚ ਸਾਲ ’ਚ ਦੋ ਮੈਡੀਕਲ ਜਾਂਚ ਕੈਂਪ ਲਾਏ ਜਾਂਦੇ ਹਨ। ਇਸ ਮੌਕੇ ਕੈਂਸਰ ਕੇਅਰ ਸੰਸਥਾ ਦੇ ਡਾਇਰੈਕਟਰ ਜਗਜੀਤ ਸਿੰਘ ਧੂਰੀ, ਬਲਦੇਵ ਕ੍ਰਿਸ਼ਨ ਅਰੋੜਾ, ਹਰਵਿੰਦਰ ਜਿੰਦਲ, ਰਾਜ ਕੁਮਾਰ ਜਿੰਦਲ, ਯਸ਼ ਪਾਲ ਜਿੰਦਲ, ਸਕੂਲ ਡਾਇਰੈਕਟਰ ਰਾਕੇਸ਼ ਬਾਂਸਲ, ਡਾਇਰੈਕਟਰ ਨਿਤਿਨ ਜਿੰਦਲ, ਪ੍ਰਿੰਸੀਪਲ ਗੀਤਿਕਾ ਸ਼ਰਮਾ, ਵਾਈਸ ਪ੍ਰਿੰਸੀਪਲ ਪਰਦੀਪ ਗਰੇਵਾਲ ਤੇ ਸਟਾਫ ਹਾਜ਼ਰ ਰਿਹਾ। -ਨਿੱਜੀ ਪੱਤਰ ਪ੍ਰੇਰਕ
ਨਰਸਿੰਗ ਕਾਲਜ ਵਿੱਚ ਹਲਫਦਾਰੀ ਸਮਾਗਮ
ਭੁੱਚੋ ਮੰਡੀ: ਬਾਬਾ ਮੋਨੀ ਜੀ ਕਾਲਜ ਆਫ ਨਰਸਿੰਗ ਲਹਿਰਾ ਮੁਹੱਬਤ ਵਿੱਚ ਬੀ ਐੱਸ ਸੀ ਨਰਸਿੰਗ (ਪਹਿਲਾ ਸਮੈਸਟਰ) ਅਤੇ ਜੀ ਐੱਨ ਐੱਮ (ਪਹਿਲਾ ਸਾਲ) ਦੇ ਵਿਦਿਆਰਥੀਆਂ ’ਚ ਸੇਵਾ ਭਾਵਨਾ, ਨੈਤਿਕਤਾ ਤੇ ਪੇਸ਼ਾਵਰ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਲਈ ਓਥ ਸੈਰੇਮਨੀ ਸਮਾਗਮ ਕਰਵਾਇਆ ਗਿਆ। ਇਸ ’ਚ ਕਾਲਜ ਪਿੰਸੀਪਲ ਮੈਰੀ ਡੈਸਨ ਫਰਾਂਸਿਸ ਮੁੱਖ ਮਹਿਮਾਨ ਸਨ। ਇਸ ਮੌਕੇ ਕਾਲਜ ਪ੍ਰਬੰਧਨ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਨਰਸਿੰਗ ਪੇਸ਼ੇ ਦੀ ਸ਼ਾਨ ਅਤੇ ਮਨੁੱਖੀ ਸੇਵਾ ਦੇ ਮੁੱਖ ਅਸੂਲਾਂ ਨੂੰ ਨਿਭਾਉਣ ਲਈ ਸਮਰਪਣ, ਅਨੁਸ਼ਾਸਨ ਅਤੇ ਦਇਆ ਨਾਲ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਮੈਰੀ ਡੈਸਨ ਫਰਾਂਸਿਸ ਨੇ ਕਿਹਾ ਕਿ ਨਰਸਿੰਗ ਸਿਰਫ਼ ਇੱਕ ਪੇਸ਼ਾ ਨਹੀਂ, ਬਲਕਿ ਮਨੁੱਖਤਾ ਦੀ ਸੇਵਾ ਦਾ ਮਹਾਨ ਰਸਤਾ ਹੈ। ਇਸ ਨੂੰ ਇਮਾਨਦਾਰੀ, ਸਬਰ ਅਤੇ ਸੇਵਾ ਭਾਵਨਾ ਨਾਲ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। -ਪੱੱਤਰ ਪ੍ਰੇਰਕ
ਪਤਨੀ ਤੇ ਉਸ ਦੇ ਭਰਾਵਾਂ ’ਤੇ ਭੰਨ-ਤੋੜ ਦੇ ਦੋਸ਼
ਧਰਮਕੋਟ: ਪਿੰਡ ਕਾਦਰ ਵਾਲਾ ’ਚ ਵਾਸੀ ਵਿਅਕਤੀ ਨੇ ਆਪਣੀ ਪਤਨੀ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਆਪਣੇ ਭਰਾਵਾਂ ਤੇ ਰਿਸ਼ਤੇਦਾਰਾਂ ਸਣੇ ਸਹੁਰੇ ਪਰਿਵਾਰ ਦੇ ਘਰ ਦੀ ਭੰਨ-ਤੋੜ ਕੀਤੀ। ਉਸ ਦੇ ਪਤੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਨੇੜਲੇ ਘਰਾਂ ਵਿੱਚ ਸ਼ਰਨ ਲੈ ਕੇ ਆਪਣੀ ਜਾਨ ਬਚਾਈ। ਪੀੜਤ ਬੇਅੰਤ ਸਿੰਘ ਕਿਹਾ ਕਿ ਇਸ ਦੌਰਾਨ ਉਸ ਦੀ ਪਤਨੀ ਘਰ ਵਿੱਚ ਪਏ ਗਹਿਣੇ ਅਤੇ ਇੱਕ ਲੱਖ ਰੁਪਏ ਤੋਂ ਉੱਪਰ ਨਗਦੀ ਲੈ ਵੀ ਲੈ ਗਈ। ਥਾਣਾ ਕੋਟ ਈਸੇ ਮੁਖੀ ਜਨਕ ਰਾਜ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ
ਭਲਕੇ ਬਿਜਲੀ ਬੰਦ ਰਹੇਗੀ
ਭੁੱਚੋ ਮੰਡੀ: ਵੰਡ ਉੱਪ ਮੰਡਲ ਭੁੱਚੋ ਕਲਾਂ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਗੁਰਲਾਲ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 12 ਦਸੰਬਰ ਨੂੰ 11 ਕੇਵੀ ਫੀਡਰ ਭੁੱਚੋ ਮੰਡੀ, ਭਾਗੂ, ਲਵੇਰੀਸਰ ਅਤੇ ਇੰਡਸਟਰੀ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਬੰਦ ਰਹੇਗੀ। -ਪੱੱਤਰ ਪ੍ਰੇਰਕ

